ਖੇਤੀ ਕਾਨੂੰਨਾਂ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਮਾਨ ਸਰਕਾਰ ਦੀ ਲੈਂਡ ਪੂਲਿੰਗ ਸਕੀਮ : ਐਨ.ਕੇ. ਸ਼ਰਮਾ

0
nk

ਕਿਹਾ, ਪੰਜਾਬ ਸਰਕਾਰ ਜਦੋਂ ਤਕ ਪਾਲਿਸੀ ਵਾਪਸ ਨਹੀਂ ਲੈਂਦੀ, ਉਦੋਂ ਤਕ ਜਾਰੀ ਰਹੇਗਾ ਸੰਘਰਸ਼

ਜ਼ੀਰਕਪੁਰ, 24 ਜੁਲਾਈ (ਅਵਤਾਰ ਧੀਮਾਨ) : ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਅਤੇ ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਪੰਜਾਬ ਸਰਕਾਰ ਵਲੋਂ ਲਾਗੂ ਕੀਤੀ ਜਾ ਰਹੀ ਲੈਂਡ ਪੂਲਿੰਗ ਪਾਲਿਸੀ ਨੂੰ ਕਿਸਾਨਾਂ ਲਈ ਤਿੰਨ ਖੇਤੀ ਕਾਨੂੰਨਾਂ ਨਾਲੋਂ ਵੀ ਵੱਧ ਖ਼ਤਰਨਾਕ ਦੱਸਿਆ ਹੈ। ਐਨ.ਕੇ. ਸ਼ਰਮਾ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਵਿਰੁਧ 28 ਜੁਲਾਈ ਨੂੰ ਮੋਹਾਲੀ ਵਿਚ ਹੋਣ ਵਾਲੇ ਧਰਨੇ ਦੀਆਂ ਤਿਆਰੀਆਂ ਸਬੰਧੀ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਧਰਨੇ ਵਿਚ ਡੇਰਾਬੱਸੀ ਵਿਧਾਨ ਸਭਾ ਹਲਕੇ ਸਮੇਤ ਪੂਰੇ ਮੋਹਾਲੀ ਜ਼ਿਲ੍ਹੇ ਦੇ ਅਕਾਲੀ ਦਲ ਦੇ ਵਰਕਰ ਅਤੇ ਕਿਸਾਨ ਹਿੱਸਾ ਲੈਣਗੇ। ਇਸ ਲਈ ਉਹ ਪਿੰਡਾਂ ਵਿਚ ਜਾ ਕੇ ਕਿਸਾਨਾਂ ਨੂੰ ਵੀ ਲਾਮਬੰਦ ਕਰ ਰਹੇ ਹਨ। ਸ਼ਰਮਾ ਨੇ ਕਿਹਾ ਕਿ ਜਿਸ ਤਰ੍ਹਾਂ ਕਿਸਾਨਾਂ ਦੀ ਏਕਤਾ ਤੋਂ ਬਾਅਦ ਤਿੰਨ ਖੇਤੀ ਕਾਨੂੰਨ ਵਾਪਸ ਲਏ ਗਏ ਸਨ। ਠੀਕ ਉਸੇ ਤਰ੍ਹਾਂ ਪੰਜਾਬ ਸਰਕਾਰ ਨੂੰ ਵੀ ਇਹ ਲੈਂਡ ਪੂਲਿੰਗ ਕਾਨੂੰਨ ਵਾਪਸ ਲੈਣਾ ਪਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨਜ਼ਰਾਂ, ਕਿਸਾਨਾਂ ਦੀ 64 ਹਜ਼ਾਰ ਏਕੜ ਜ਼ਮੀਨ ‘ਤੇ ਹਨ। ਜਿਸਦਾ ਨੋਟੀਫਿਕੇਸ਼ਨ ਜਾਰੀ ਹੁੰਦੇ ਹੀ ਕਿਸਾਨਾਂ ਦੇ ਹੱਥ ਕੱਟ ਦਿਤੇ ਜਾਣਗੇ ਅਤੇ ਉਹ ਆਪਣੀ ਹੀ ਜ਼ਮੀਨ ਵਿਚ ਜਾਣ ਲਈ ਤਰਸਣਗੇ। ਐਨ ਕੇ ਸ਼ਰਮਾ ਨੇ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਦੌਰਾਨ ਲਾਗੂ ਕੀਤੀ ਗਈ ਪਾਲਿਸੀ ਕਿਸਾਨਾਂ ਦੇ ਹਿੱਤ ਵਿਚ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਵੀਂ ਨੀਤੀ ਬਣਾਉਂਦੇ ਸਮੇਂ ਕਿਸਾਨਾਂ ਦੀ ਰਾਏ ਨੂੰ ਇਸ ਵਿਚ ਸ਼ਾਮਲ ਨਹੀਂ ਕੀਤਾ। ਜਿਹੜੀ ਪਾਲਿਸੀ ਨੂੰ ਕਿਸਾਨਾਂ ਦੇ ਹਿੱਤ ਵਿਚ ਦੱਸਿਆ ਜਾ ਰਿਹਾ ਹੈ, ਕਿਸਾਨਾਂ ਨੂੰ ਉਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸ਼ਰਮਾ ਨੇ ਕਿਹਾ ਕਿ 28 ਜੁਲਾਈ ਨੂੰ ਮੋਹਾਲੀ ਵਿਚ ਹੋਣ ਵਾਲੇ ਪ੍ਰਦਰਸ਼ਨ ਵਿਚ ਜ਼ੀਰਕਪੁਰ, ਡੇਰਾਬੱਸੀ ਅਤੇ ਲਾਲੜੂ ਖੇਤਰ ਦੇ ਪ੍ਰਭਾਵਿਤ ਕਿਸਾਨ ਹਿੱਸਾ ਲੈਣਗੇ। ਸਰਕਾਰ ਨੇ ਕਿਸਾਨਾਂ ਨੂੰ ਭਰੋਸੇ ਵਿਚ ਲਏ ਬਿਨਾਂ ਚੋਰ ਦਰਵਾਜ਼ੇ ਰਾਹੀਂ ਇਹ ਪਾਲਿਸੀ ਲਾਂਚ ਕਰ ਦਿਤੀ ਹੈ। ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਹਾਲਤ ਵਿਚ ਕਿਸਾਨਾਂ ਨਾਲ ਬੇਇਨਸਾਫ਼ੀ ਨਹੀਂ ਹੋਣ ਦੇਵੇਗਾ। ਇਸ ਮੌਕੇ ’ਤੇ ਸੀਨੀਅਰ ਅਕਾਲੀ ਆਗੂ ਕ੍ਰਿਸ਼ਨ ਪਾਲ ਸ਼ਰਮਾ, ਰਜਿੰਦਰ ਸਿੰਘ, ਸ਼ਿਵ ਦੇਵ, ਮਨਜੀਤ ਮਲਿਕਪੁਰ, ਬ੍ਰਿਜੇਸ਼ ਰਾਣਾ, ਸੁਰੇਸ਼ ਸ਼ਾਰਦਾ, ਹਰਵਿੰਦਰ ਸਿੰਘ ਪਿੰਕਾ, ਸੁਰਿੰਦਰ ਸਿੰਘ, ਡਾ. ਕ੍ਰਿਸ਼ਨਾ, ਬਿਕਰਮ ਸਿੰਘ, ਸੁਰਜੀਤ ਟਿਵਾਣਾ, ਪਰਮਿੰਦਰ ਸਿੰਘ ਜੌਲਾ, ਓਪੀ ਸ਼ਰਮਾ, ਭਿੰਦਰ ਰਾਣਾ, ਗੁਰਬਿੰਦਰ ਸਿੰਘ ਬੱਲੂਰਾਣਾ, ਰਘੁਬੀਰ ਜੁਨੇਜਾ ਆਦਿ ਮੌਜੂਦ ਸਨ।

Leave a Reply

Your email address will not be published. Required fields are marked *