ਮਾਨ ਸਰਕਾਰ ਨੇ ਪੰਜਾਬ ਨੂੰ ਦੂਜਾ ਸਭ ਤੋਂ ਵੱਧ ਕਰਜ਼ਦਾਰ ਸੂਬਾ ਬਣਾਇਆ :ਸੁਖਬੀਰ ਸਿੰਘ ਬਾਦਲ

0
sukhbir badal

ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਵੀ ਸਾਧਿਆ ਨਿਸ਼ਾਨਾ

ਚੰਡੀਗੜ੍ਹ, 1 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਪੰਜਾਬ ਸਰਕਾਰ ਚਾਲੂ ਵਿੱਤੀ ਸਾਲ 2025-26 ਦੀ ਦੂਜੀ ਤਿਮਾਹੀ ’ਚ 8500 ਕਰੋੜ ਦਾ ਕਰਜ਼ਾ ਚੁਕੇਗੀ। ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਨੇ ਸੂਬਾ ਸਰਕਾਰ ਵਲੋਂ ਚੁੱਕੇ ਜਾਣ ਵਾਲੇ ਕਰਜ਼ੇ ਨੂੰ ਮਨਜ਼ੂਰੀ ਦੇ ਦਿਤੀ ਹੈ। ਪੰਜਾਬ ਸਰਕਾਰ ਵਲੋਂ ਜੁਲਾਈ ਤੋਂ ਸਤੰਬਰ ਤੱਕ ਹਰ ਹਫ਼ਤੇ ਕਰਜ਼ਾ ਚੁੱਕਿਆ ਜਾਣਾ ਹੈ। ਇਸ ਨੂੰ ਲੈ ਕੇ ਹੁਣ ਵਿਰੋਧੀ ਧਿਰਾਂ ਵਲੋਂ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕੀਤਾ ਜਾ ਰਿਹਾ ਹੈ।

ਇਸ ਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਇਹ ਭ੍ਰਿਸ਼ਟ, ਘੁਟਾਲਿਆਂ ਵਾਲੀ ਆਪ ਸਰਕਾਰ, ਜੋ ਦਿੱਲੀ ਤੋਂ ਚਲਾਈ ਜਾ ਰਹੀ ਹੈ, ਹਰ ਮਹੀਨੇ ਹਜ਼ਾਰਾਂ ਕਰੋੜ ਰੁਪਏ ਕਰਜ਼ ਲੈ ਰਹੀ ਹੈ ਪਰ ਵਿਕਾਸ ਜਾਂ ਬੁਨਿਆਦੀ ਢਾਂਚੇ ਉਪਰ ਕੁਝ ਵੀ ਖਰਚ ਨਹੀਂ ਹੋ ਰਿਹਾ ।

ਬਾਦਲ ਨੇ ਕਿਹਾ ਕਿ ਇਸ ਸਰਕਾਰ ਨੇ ਪੰਜਾਬ ਨੂੰ ਦੇਸ਼ ਦਾ ਦੂਜਾ ਸਭ ਤੋਂ ਵੱਧ ਕਰਜ਼ਦਾਰ ਸੂਬਾ ਬਣਾਉਣ ਦਾ ਮਾਣ ਵੀ ਹਾਸਲ ਕੀਤਾ ਹੈ, ਜਿਸ ਵਿਚ ਡੈਬਟ-ਟੂ-ਜੀਐਸਡੀਪੀ ਅਨੁਪਾਤ 47 ਫ਼ੀ ਸਦ ਤੱਕ ਪਹੁੰਚ ਗਿਆ ਹੈ। ਪੰਜਾਬੀਆਂ ਨੂੰ ਇਹ ਜਾਨਣ ਦੀ ਲੋੜ ਹੈ ਕਿ ਇਹ ਕਰਜ਼ ਲਿਆ ਪੈਸਾ ਕਿੱਥੇ ਖਰਚ ਕੀਤਾ ਜਾ ਰਿਹਾ ਹੈ। ਇਹ ਸਪੱਸ਼ਟ ਹੈ ਕਿ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ‘ਤੇ ਪੰਜਾਬ ਨੂੰ ਚਲਾ ਰਹੇ ਬਾਹਰੀ ਲੋਕ ‘ਆਪ’ਦੇ ਖਜ਼ਾਨੇ ਭਰਨ ਲਈ ਜਾਣਬੁੱਝ ਕੇ ਇਸਨੂੰ ਦੀਵਾਲੀਆ ਕਰ ਰਹੇ ਹਨ। ਪੰਜਾਬ ਦੇ ਸਰਕਾਰੀ ਫੰਡਾਂ ਦੀ ਸ਼ਰੇਆਮ ਦੁਰਵਰਤੋਂ ਦੀ ਜਾਂਚ ਇਕ ਸੁਤੰਤਰ ਏਜੰਸੀ ਦੁਆਰਾ ਕੀਤੀ ਜਾਣੀ ਚਾਹੀਦੀ ਹੈ।

ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਭਗਵੰਤ ਮਾਨ ਸਰਕਾਰ ਪੰਜਾਬ ਦੇ ਅਸਲ ਮਸਲਿਆਂ ਤੋਂ ਧਿਆਨ ਹਟਾ ਕੇ ਚੁੱਪਚਾਪ ਪੰਜਾਬ ਨੂੰ ਕਰਜ਼ੇ ਵਿਚ ਹੋਰ ਡੁੱਬੋ ਰਹੀ ਹੈ। ਜੁਲਾਈ ਤੋਂ ਸਤੰਬਰ ਤੱਕ ਭਗਵੰਤ ਮਾਨ ਸਰਕਾਰ 8,500 ਕਰੋੜ ਰੁਪਏ ਦਾ ਕਰਜ਼ਾ ਚੁੱਕਣ ਦੀ ਤਿਆਰੀ ‘ਚ ਹੈ- ਮਤਲਬ ਹਰ ਰੋਜ਼ 92 ਕਰੋੜ ਰੁਪਏ ਦਾ ਕਰਜ਼ਾ! ਹਰ ਹਫ਼ਤੇ 500 ਤੋਂ 1500 ਕਰੋੜ ਰੁਪਏ ਤੱਕ ਨਵਾਂ ਕਰਜ਼ਾ ਲਿਆ ਜਾਵੇਗਾ।

ਉਨ੍ਹਾਂ ਅੱਗੇ ਲਿਖਿਆ-ਅਰਵਿੰਦ ਕੇਜਰੀਵਾਲ ਪੰਜਾਬੀਆਂ ਨੂੰ ਇਹ ਵੀ ਦੱਸਣ ਕਿ ਹਰ ਸਾਲ 54,000 ਕਰੋੜ ਰੁਪਏ ‘ਗੈਰ ਕਾਨੂੰਨੀ ਮਾਈਨਿੰਗ’ ਅਤੇ ‘ਭ੍ਰਿਸ਼ਟਾਚਾਰ ਰੋਕਣ’ ਦੀ ਗਾਰੰਟੀ ਨਾਲ ਖ਼ਜ਼ਾਨੇ ਵਿਚ ਲਿਆਉਣ ਵਾਲਾ ਜੁਮਲਾ ਕਿੱਥੇ ਗਿਆ?

Leave a Reply

Your email address will not be published. Required fields are marked *