ਮਾਨ ਸਰਕਾਰ ‘ਤੇ ਲੈਂਡ ਪੂਲਿੰਗ ਨੀਤੀ ਦੇ ਨਾਂ ‘ਤੇ ਪੰਜਾਬੀਆਂ ਦੇ ਹਿਤ ਵੇਚਣ ਅਤੇ ਗਠਜੋੜ ਦਾ ਇਲਜ਼ਾਮ

0
Screenshot 2025-08-17 175157

ਰਾਜਪੁਰਾ/ਚੰਡੀਗੜ੍ਹ, 17 ਅਗਸਤ (ਨਿਊਜ਼ ਟਾਊਨ ਨੈਟਵਰਕ) : ਪੰਜਾਬ ਭਾਜਪਾ ਨੇ ਅੱਜ ਰਾਜਪੁਰਾ ਵਿਖੇ ਆਮ ਆਦਮੀ ਪਾਰਟੀ ਸਰਕਾਰ ਦੀ ਕਿਸਾਨ ਵਿਰੋਧੀ ਲੈਂਡ ਪੂਲਿੰਗ ਨੀਤੀ ਨੂੰ ਵਾਪਸ ਲੈਣ ਦੇ ਜਸ਼ਨ ਵਜੋਂ ਇਕ ਵਿਸ਼ਾਲ ‘ਕਿਸਾਨ ਮਜ਼ਦੂਰ ਫਤਿਹ ਰੈਲੀ’ ਕੀਤੀ। ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਅਤੇ ਪਾਰਟੀ ਕਾਰਕੁਨਾਂ ਨੇ ਰੈਲੀ ਵਿਚ ਸ਼ਿਰਕਤ ਕੀਤੀ, ਜਿਸ ਨਾਲ ਪੰਜਾਬ ਦੇ ਪੇਂਡੂ ਖੇਤਰਾਂ ਵਿਚ ਬੀਜੇਪੀ ਦੀ ਵੱਧ ਰਹੀ ਤਾਕਤ ਅਤੇ ਕਿਸਾਨ ਵਰਗ ਦੇ ਹੱਕਾਂ ਦੀ ਰੱਖਿਆ ਲਈ ਇਸ ਦੇ ਪੱਕੇ ਇਰਾਦੇ ਦਾ ਪ੍ਰਦਰਸ਼ਨ ਹੋਇਆ। ਪੰਜਾਬ ਬੀਜੇਪੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਆਪ ‘ਤੇ ਜ਼ੋਰਦਾਰ ਹਮਲਾ ਬੋਲਦੇ ਹੋਏ, ਇਸ ਵਿਵਾਦਿਤ ਲੈਂਡ ਪੂਲਿੰਗ ਨੀਤੀ ਨੂੰ ਕਿਸਨੇ ਬਣਾਇਆ, ਇਸ ਬਾਰੇ ਸਪਸ਼ਟਤਾ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਬਾਹਰਲੇ ਲੋਕ ਪੰਜਾਬ ਸਰਕਾਰ ਚਲਾ ਰਹੇ ਹਨ। ਇਹ ਨੀਤੀ ਜਾਂ ਤਾਂ ਕੈਜਰੀਵਾਲ ਜਾਂ ਮਨੀਸ਼ ਸਿਸੋਦੀਆ ਨੇ ਬਣਾਈ ਸੀ, ਜਦੋਂ ਕਿ ਪੰਜਾਬ ਦੇ ਮੁੱਖ ਸਕੱਤਰ ਨੂੰ ਇਸ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ। ਨਾ ਤਾਂ ਮੁੱਖ ਮੰਤਰੀ ਅਤੇ ਨਾ ਹੀ ਉਨ੍ਹਾਂ ਦਾ ਕੈਬਨਿਟ ਇਸ ਵਿਚ ਸ਼ਾਮਲ ਸੀ, ਪਰ ਇਸ ਦੀ ਕੀਮਤ ਪੰਜਾਬੀਆਂ ਨੂੰ ਭੁਗਤਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਪ੍ਰਾਕਸੀ ਸੀਐਮ ਵਜੋਂ ਕੰਮ ਕਰ ਰਿਹਾ ਹੈ ਜਦਕਿ ਪੰਜਾਬੀਆਂ ਨੇ ਭਗਵੰਤ ਮਾਨ ਨੂੰ ਵੋਟ ਦਿਤੀ ਸੀ। ਉਨ੍ਹਾਂ ਕਿਹਾ, “ਮੈਂ ਸਾਰੇ ਕਿਸਾਨਾਂ ਅਤੇ ਬੀਜੇਪੀ ਕਾਰਕੁਨਾਂ ਦਾ ਧੰਨਵਾਦ ਕਰਦਾ ਹਾਂ — ਤੁਹਾਡੇ ਅਥੱਕ ਯਤਨਾਂ ਅਤੇ ਦਬਾਅ ਕਾਰਨ ਹੀ ਇਹ ਬੇਕਾਰ ਅਤੇ ਕਿਸਾਨ ਵਿਰੋਧੀ ਨੀਤੀ ਅੰਤ ਵਿਚ ਵਾਪਸ ਲੈ ਲਈ ਗਈ ਹੈ।” ਪੰਜਾਬ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਬੀਜੇਪੀ ਦਾ ਬਲਾਕ ਅਤੇ ਤਹਿਸੀਲ ਪੱਧਰ ‘ਤੇ ਲਗਾਤਾਰ ਸੰਘਰਸ਼ ਹੀ ਸਰਕਾਰ ਨੂੰ ਆਪਣੇ ਕਿਸਾਨ ਵਿਰੋਧੀ ਏਜੰਡੇ ਨੂੰ ਵਾਪਸ ਲੈਣ ਲਈ ਮਜਬੂਰ ਕਰਨ ਵਿੱਚ ਕਾਮਯਾਬ ਰਿਹਾ। ਉਨ੍ਹਾਂ ਕਿਹਾ, “ਆਪ ਦੀ ਮਿਆਦ ਪੁੱਗ ਗਈ ਹੈ। ਪੰਜਾਬ ਦੇ ਲੋਕ ਅਸਲੀ ਬਦਲਾਅ ਲਈ ਮੋਦੀ ਸਰਕਾਰ ਮੰਗ ਰਹੇ ਹਨ। ਆਪ ਦੇ 24 ਫਸਲਾਂ ‘ਤੇ ਐੱਮਐੱਸਪੀ (ਘੱਟੋ-ਘੱਟ ਸਮਰਥਨ ਮੁੱਲ) ਵਰਗੇ ਵਾਅਦੇ ਵੀ ਅਧੂਰੇ ਰਹਿ ਗਏ ਹਨ। ਪੰਜਾਬ ਨੂੰ ਆਪਣੇ ਛੋਟੇ ਭਰਾ ਹਰਿਆਣਾ ਜਿੱਥੇ ਬੀਜੇਪੀ ਦਾ ਰਾਜ ਹੈ – ਵੱਲ ਦੇਖਣਾ ਚਾਹੀਦਾ ਹੈ, ਜੋ ਕਿਸਾਨਾਂ ਨੂੰ ਸਾਰੀਆਂ ਸਬਜ਼ੀਆਂ ਅਤੇ ਫਲਾਂ ‘ਤੇ ਐੱਮਐੱਸਪੀ ਦਿੰਦਾ ਹੈ। ਅੱਜ, ਰੋਡਵੇਅ ਕਰਮਚਾਰੀ, ਅਧਿਆਪਕ, ਡਾਕਟਰ ਆਦਿ – ਸਾਰੇ ਸੜਕਾਂ ਉਤੇ ਵਿਰੋਧ ਕਰ ਰਹੇ ਹਨ। ਆਪ ਨੇ ਸਮੁੱਚੀ ਪ੍ਰਸ਼ਾਸਨ ਪ੍ਰਣਾਲੀ ਨੂੰ ਅਵਿਵਸਥਾ ਵਿਚ ਸੁੱਟ ਦਿਤਾ ਹੈ, ਅਤੇ ਰਾਜ ਵਿਚ ਪ੍ਰਸ਼ਾਸਨ ਪੂਰੀ ਤਰ੍ਹਾਂ ਢਹਿ ਗਿਆ ਹੈ। ਬੀਜੇਪੀ ਹਰ ਵਿਧਾਨ ਸਭਾ ਹਲਕੇ ਵਿਚ ਹਰ ਪੰਜਾਬੀ ਦੀ ਆਵਾਜ਼ ਉਠਾਉਂਦੀ ਰਹੇਗੀ।” ਬੀਜੇਪੀ ਦੇ ਕੌਮੀ ਮਹਾਸਚਿਵ ਸ੍ਰੀ ਤਰੁਣ ਚੁਘ ਨੇ ਨੀਤੀ ਵਾਪਸੀ ਨੂੰ “ਪੰਜਾਬੀਅਤ ਦੀ ਜਿੱਤ” ਦੱਸਿਆ। ਉਨ੍ਹਾਂ ਆਪ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਇਸ ਨੇ ਪੰਜਾਬ ਨੂੰ ਆਪਣੀ ਦਿੱਲੀ ਦੀ ਸਿਆਸਤ ਨੂੰ ਫੰਡ ਕਰਨ ਲਈ “ਏਟੀਐੱਮ” ਬਣਾ ਦਿਤਾ ਹੈ। ਉਨ੍ਹਾਂ ਕਿਹਾ, “ਮੁੱਖ ਮੰਤਰੀ ਭਗਵੰਤ ਮਾਨ ਆਪਣੇ ਆਪ ਨੂੰ ਇਕ ਕਠਪੁਤਲੀ ਸੀਐਮ ਵਿਚ ਬਦਲ ਚੁੱਕੇ ਹਨ, ਜੋ ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਵਰਗੇ ਨੇਤਾਵਾਂ ਦੇ ਇਸ਼ਾਰਿਆਂ ‘ਤੇ ਨੱਚ ਰਹੇ ਹਨ, ਜਿਹੜੇ ਦੋਵੇਂ ਪਹਿਲਾਂ ਹੀ ਜੇਲ੍ਹ ਦੀਆਂ ਸਜ਼ਾਵਾਂ ਕੱਟ ਚੁੱਕੇ ਹਨ। ਆਪ ਵਲੋਂ ਪੰਜਾਬ ਲੋਕਾਂ ਲਈ ਨਹੀਂ, ਸਗੋਂ ਮਾਫੀਆ ਅਤੇ ਭ੍ਰਿਸ਼ਟ ਨੇਤਾਵਾਂ ਲਈ ਚਲਾਇਆ ਜਾ ਰਿਹਾ ਹੈ।” ਕੇਂਦਰੀ ਮੰਤਰੀ ਸਰਦਾਰ ਰਵਨੀਤ ਸਿੰਘ ਬਿੱਟੂ ਨੇ ਲੈਂਡ ਪੂਲਿੰਗ ਨੀਤੀ ਰੱਦ ਕਰਨ ਨੂੰ ਪੰਜਾਬ ਦੇ ਕਿਸਾਨਾਂ ਲਈ ਇਕ ਇਤਿਹਾਸਕ ਜਿੱਤ ਦੱਸਿਆ। ਉਨ੍ਹਾਂ ਕਿਹਾ, “ਇਹ ਸਿਰਫ਼ ਇਕ ਰਾਜਨੀਤਿਕ ਸਫਲਤਾ ਨਹੀਂ ਹੈ ਬਲਕਿ ਸਾਡੀ ਜ਼ਮੀਨ ਲਈ ਲੜਾਈ ਹੈ ਅਤੇ ਇਹ ਹਰੇਕ ਕਿਸਾਨ ਦੀ ਜਿੱਤ ਹੈ। ਸਿਰਫ਼ ਬੀਜੇਪੀ ਹੀ ਪੰਜਾਬ ਨੂੰ ਵਧ ਰਹੇ ਕਰਜ਼ੇ ਤੋਂ ਮੁਕਤ ਕਰਾ ਸਕਦੀ ਹੈ ਅਤੇ ਲੋਕ ਪੱਖੀ ਕਲਿਆਣਕਾਰੀ ਯੋਜਨਾਵਾਂ ਅਤੇ ਵਿਕਾਸ-ਅਧਾਰਿਤ ਪ੍ਰਸ਼ਾਸਨ ਰਾਹੀਂ ਅਸਲੀ ਰਾਹਤ ਦੇ ਸਕਦੀ ਹੈ।” ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਸਾਨਾਂ ਅਤੇ ਬੀਜੇਪੀ ਕਾਰਕੁਨਾਂ ਦਾ ਧੰਨਵਾਦ ਕੀਤਾ, ਕਿਹਾ, “ਅੱਜ ਇੱਥੇ ਦਿਖਾਈ ਦੇ ਰਹੀ ਤਾਕਤ ਪੰਜਾਬ ਵਿਚ ਬੀਜੇਪੀ ਪਰਿਵਾਰ ਦੀ ਸ਼ਕਤੀ ਨੂੰ ਦਰਸਾਉਂਦੀ ਹੈ। ਅਸੀਂ ਹਮੇਸ਼ਾ ਆਪਣੇ ਲੋਕਾਂ ਨਾਲ ਖੜ੍ਹੇ ਰਹੇ ਹਾਂ ਅਤੇ ਇਹ ਰੈਲੀ ਇਸ ਗੱਲ ਦਾ ਸਬੂਤ ਹੈ ਕਿ 2027 ਦੇ ਵਿਧਾਨ ਸਭਾ ਚੋਣਾਂ ਵਿਚ ਬੀਜੇਪੀ ਜਿੱਤ ਦੇ ਰਸਤੇ ‘ਤੇ ਹੈ। ਇਹ ਸੱਚਮੁੱਚ ਸਾਡੇ ਕਿਸਾਨਾਂ ਅਤੇ ਪੰਜਾਬ ਦੀ ਜਿੱਤ ਹੈ।” ਰਾਜਪੁਰਾ ਵਿਖੇ ‘ਕਿਸਾਨ ਮਜ਼ਦੂਰ ਫਤਿਹ ਰੈਲੀ’ ਨੇ ਇੱਕ ਸਪਸ਼ਟ ਸੁਨੇਹਾ ਦਿਤਾ ਕਿ ਪੰਜਾਬ ਦੇ ਕਿਸਾਨ ਆਪ ਦੇ ਹੇਠਾਂ ਆਪਣੀ ਜ਼ਮੀਨ ਅਤੇ ਅਧਿਕਾਰਾਂ ਨਾਲ ਸਮਝੌਤਾ ਨਹੀਂ ਹੋਣ ਦੇਣਗੇ। ਬੀਜੇਪੀ ਨੇ ਪੰਜਾਬ ਦੇ ਲੋਕਾਂ ਅਤੇ ਕਿਸਾਨ ਵਰਗ ਦੀ ਸੱਚੀ ਆਵਾਜ਼ ਵਜੋਂ ਖੜ੍ਹੇ ਰਹਿਣ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ। ਇਸ ਮੌਕੇ ‘ਤੇ ਪੂਰਵ ਮੰਤਰੀ ਮਨਪ੍ਰੀਤ ਸਿੰਘ ਬਾਦਲ, ਪੂਰਵ ਮੰਤਰੀ ਸੁਰਜੀਤ ਜੱਯਾਣੀ, ਪੂਰਵ ਮੁੱਖ ਪਾਰਲੀਮੈਂਟਰੀ ਸਕੱਤਰ ਕੇਡੀ ਭੰਡਾਰੀ, ਸੁਬਾ ਪ੍ਰਧਾਨ ਮਹਿਲਾ ਮੋਰਚਾ ਜੈਇੰਦਰ ਕੌਰ, ਸੂਬਾ ਮੀਡੀਆ ਮੁੱਖੀ ਬੀਜੇਪੀ ਪੰਜਾਬ ਵਿਨੀਤ ਜੋਸ਼ੀ, ਸੂਬਾ ਬੁਲਾਰਾ ਪ ਪ੍ਰਿਥਪਾਲ ਸਿੰਘ ਬਲਿਆਵਾਲ ਅਤੇ ਰਾਜਪੁਰਾ ਇੰਚਾਰਜ ਸ੍ਰੀ ਜਗਦੀਸ਼ ਕੁਮਾਰ ਜੱਗਾ ਮੌਜੂਦ ਸਨ।

Leave a Reply

Your email address will not be published. Required fields are marked *