ਮਨੁੱਖੀ ਬੰਬ ਬਣ ਕੇ ਫ਼ੌਜ ‘ਤੇ ਹਮਲੇ ਦੀ ਸਾਜ਼ਿਸ਼ ਰਚਣ ਵਾਲਾ ਗ੍ਰਿਫ਼ਤਾਰ


(ਨਿਊਜ਼ ਟਾਊਨ ਨੈਟਵਰਕ)
ਬਠਿੰਡਾ, 18 ਸਤੰਬਰ : ਮਨੁੱਖੀ ਬੰਬ ਬਣ ਕੇ ਫ਼ੌਜ ‘ਤੇ ਹਮਲੇ ਦੀ ਸਾਜ਼ਿਸ਼ ਰਚਣ ਵਾਲਾ ਪਿੰਡ ਜੀਦਾ ਦੇ ਗੁਰਪ੍ਰੀਤ ਸਿੰਘ ਨੂੰ ਅੱਜ ਏਮਜ਼ ‘ਚ ਛੁੱਟੀ ਮਿਲਦੇ ਹੀ ਬਠਿੰਡਾ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਇਸ ਮਾਮਲੇ ਦੀਆ ਹੋਰ ਪਰਤਾ ਖੁੱਲ੍ਹਣ ਦੀ ਉਮੀਦ ਬੱਝ ਗਈ ਹੈ। ਜ਼ਿਕਰਯੋਗ ਹੈ ਕਿ 10 ਸਤੰਬਰ ਨੂੰ ਆਪਣੇ ਘਰ ‘ਚ ਬੰਬ ਬਣਾਉਣ ਦੀ ਕੋਸ਼ਿਸ਼ ਦੌਰਾਨ ਹੋਏ ਧਮਾਕੇ ‘ਚ ਗੁਰਪ੍ਰੀਤ ਗੰਭੀਰ ਜ਼ਖ਼ਮੀ ਹੋ ਗਿਆ ਸੀ। ਉਹ ਏਮਜ਼ ‘ਚ ਇਲਾਜ ਅਧੀਨ ਸੀ। ਇਥੇ ਇਲਾਜ ਦੌਰਾਨ ਉਸ ਦਾ ਸੱਜਾ ਹੱਥ ਵੱਢਣਾ ਪਿਆ। ਇਸ ਲਈ ਉਸ ਕੋਲੋ ਜ਼ਿਆਦਾ ਪੁੱਛਗਿੱਛ ਨਹੀ ਹੋ ਸਕੀ ਸੀ। ਬੁੱਧਵਾਰ ਨੂੰ ਜਿਵੇ ਹੀ ਡਾਕਟਰਾਂ ਨੇ ਉਸ ਨੂੰ ਛੁੱਟੀ ਦਿਤੀ ਤਾਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਧਿਕਾਰੀਆ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਫੌਜ ‘ਤੇ ਹਮਲਾ ਕਰਨ ਦੇ ਇਰਾਦੇ ਨਾਲ ਬੰਬ ਬਣਾ ਰਿਹਾ ਸੀ। ਲਾਅ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੇ ਬੰਬ ਤਿਆਰ ਕਰਨ ਲਈ ਵੱਡੀ ਮਾਤਰਾ ‘ਚ ਕੈਮੀਕਲ ਆਨਲਾਈਨ ਮੰਗਵਾਏ ਸਨ। ਉਸਨੇ ਇਨ੍ਹਾਂ ਕੈਮੀਕਲਾ ਨੂੰ ਮਿਲਾ ਕੇ ਕਰੀਬ ਦੋ ਕਿਲੋ ਦੀ ਧਮਾਕਾਖਜ਼ ਸਮੱਗਰੀ ਤਿਆਰ ਕੀਤੀ ਸੀ।
ਜਦੋਂ ਉਹ ਬੰਬ ਤਿਆਰ ਕਰ ਰਿਹਾ ਸੀ ਤਾਂ ਅਚਾਨਕ ਧਮਾਕਾ ਹੋ ਗਿਆ। ਉਸ ਦੇ ਇਰਾਦੇ ਖ਼ਤਰਨਾਕ ਸਨ। ਜੇਕਰ ਉਸ ਦੀ ਸਾਜ਼ਿਸ਼ ਕਾਮਯਾਬ ਹੋ ਜਾਂਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਬਠਿੰਡਾ ਪੁਲਿਸ ਨੇ ਗੁਰਪ੍ਰੀਤ ਦੇ ਘਰ ‘ਚ ਖਿਲਰੇ ਕੈਮੀਕਲ ਦੀ ਜਾਚ ਪੂਰੀ ਕਰ ਲਈ ਹੈ ਤੇ ਘਰ ਸੀਲ ਕਰ ਦਿਤਾ ਹੈ। ਕੈਮੀਕਲਸ ਏਨੇ ਸੰਵੇਦਨਸ਼ੀਲ ਹਨ ਕਿ ਕਿ ਉਸ ਦੀ ਜਾਂਚ ਲਈ ਪੁਲਿਸ ਨੇ ਫ਼ੌਜ ਨੂੰ ਪੱਤਰ ਲਿਖਿਆ ਹੈ।