ਮੋਦੀ ਤੇ ਜਾਰਜੀਆ ਮੇਲੋਨੀ ਦੀ ਇਤਰਾਜ਼ਯੋਗ ਫ਼ਰਜ਼ੀ VIDEO ਬਣਾਉਣ ਵਾਲਾ ਗ੍ਰਿਫ਼ਤਾਰ!


AI ਨਾਲ ਵੀਡੀਉ ਬਣਾ ਕੇ ਕੀਤੀ ਸੀ ਵਾਇਰਲ
(ਨਿਊਜ਼ ਟਾਊਨ ਨੈਟਵਰਕ)
ਰਾਏਬਰੇਲੀ, 11 ਸਤੰਬਰ : ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਪੁਲਿਸ ਨੇ ਉਸ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਦੀ ਇਤਰਾਜ਼ਯੋਗ ਫ਼ਰਜ਼ੀ ਵੀਡੀਉ ਬਣਾ ਕੇ ਇੰਟਰਨੈੱਟ ‘ਤੇ ਸਾਂਝੀ ਕੀਤੀ ਸੀ। ਮੁਲਜ਼ਮ ਨੇ ਏ.ਆਈ. ਦੀ ਮਦਦ ਨਾਲ ਫ਼ਰਜ਼ੀ ਵੀਡੀਉ ਬਣਾਈ ਸੀ। ਪੁਲਿਸ ਨੇ ਇਕ ਭਾਜਪਾ ਵਰਕਰ ਦੀ ਸ਼ਿਕਾਇਤ ‘ਤੇ ਕਾਰਵਾਈ ਕੀਤੀ। ਰਾਏਬਰੇਲੀ ਦੇ ਇਕ ਨੌਜਵਾਨ ਨੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਦੀ ਇਤਰਾਜ਼ਯੋਗ ਵੀਡੀਉ ਬਣਾਈ ਤੇ ਇਸ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਦੁਰਗੇਸ਼ ਕੁਮਾਰ ਰਾਏਬਰੇਲੀ ਦੇ ਬਦਰਾਵਨ ਥਾਣਾ ਖੇਤਰ ਦੇ ਬਨਵਾ ਪਿੰਡ ਦਾ ਰਹਿਣ ਵਾਲਾ ਹੈ। ਉਸ ਨੇ ਇੰਸਟਾਗ੍ਰਾਮ ‘ਤੇ ਪ੍ਰਧਾਨ ਮੰਤਰੀ ਮੋਦੀ ਅਤੇ ਜਾਰਜੀਆ ਮੇਲੋਨੀ ਦੀ ਇਕ ਫ਼ਰਜ਼ੀ ਵੀਡੀਉ ਸਾਂਝੀ ਕੀਤੀ। ਭਾਜਪਾ ਵਰਕਰ ਹਰੀਓਮ ਚਤੁਰਵੇਦੀ ਨੇ ਇਸ ‘ਤੇ ਇਤਰਾਜ਼ ਪ੍ਰਗਟ ਕੀਤਾ ਸੀ ਅਤੇ ਐਕਸ ‘ਤੇ ਇਕ ਪੋਸਟ ਸਾਂਝੀ ਕੀਤੀ ਸੀ। ਸ਼ਿਕਾਇਤ ਮਿਲਣ ‘ਤੇ, ਬੱਛਰਾਵਨ ਪੁਲਿਸ ਨੇ ਮੁਲਜ਼ਮ ਨੌਜਵਾਨ ਵਿਰੁਧ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਬੁਧਵਾਰ ਨੂੰ ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਜੇਲ ਭੇਜ ਦਿਤਾ। ਕਾਰਵਾਈ ਤੋਂ ਬਾਅਦ, ਸ਼ਿਕਾਇਤਕਰਤਾ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਬੱਛਰਵਾਂ ਪੁਲਿਸ ਨੇ ਦੁਰਗੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਦ ਅਜਿਹੀਆਂ ਡੀਪਫੇਕ ਤਕਨੀਕਾਂ ਦੇ ਖ਼ਤਰੇ ਬਾਰੇ ਚੇਤਾਵਨੀ ਦਿਤੀ ਹੈ। ਉਨ੍ਹਾਂ ਕਿਹਾ ਸੀ ਕਿ ਵੀਡੀਉ AI ਦੀ ਮਦਦ ਨਾਲ ਬਣਾਏ ਜਾ ਸਕਦੇ ਹਨ, ਪਰ ਇਹ ਚਿੰਤਾ ਦਾ ਵਿਸ਼ਾ ਵੀ ਹੈ। ਸਾਡੇ ਵਿਭਿੰਨ ਸਮਾਜ ਵਿਚ, ਜੇ ਛੋਟੀਆਂ-ਛੋਟੀਆਂ ਗੱਲਾਂ ‘ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾਂਦੀ ਹੈ, ਤਾਂ ਇਹ ਸੰਕਟ ਪੈਦਾ ਕਰ ਸਕਦਾ ਹੈ।