ਮਾਲੇਰਕੋਟਲਾ-ਲੁਧਿਆਣਾ ਹਾਈਵੇ 3 ਘੰਟੇ ਰਿਹਾ ਬੰਦ!

ਸਿਵਰੇਜ ਬੋਰਡ ਤੇ ਨਗਰ ਕੌਂਸਲ ਦੀ ਅਣਗਹਿਲੀ ਕਾਰਨ ਲੋਕ ਸੜਕਾਂ ਉਤੇ ਆਏ


ਮਾਲੇਰਕੋਟਲਾ, 4 ਸਤੰਬਰ (ਮੁਨਸ਼ੀ ਫ਼ਾਰੂਕ) : ਪਿਛਲੇ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਮਾਲੇਰਕੋਟਲਾ ਸ਼ਹਿਰ ਦੇ ਹਾਲਤ ਬੇਹੱਦ ਗੰਭੀਰ ਹੋ ਰਹੇ ਹਨ। ਲੋਕਾਂ ਦੇ ਘਰਾਂ ਅੰਦਰ ਗੰਦਾ ਪਾਣੀ ਦਾਖ਼ਲ ਹੋ ਚੁੱਕਾ ਹੈ। ਮੁਹੱਲਾ ਮਲੇਰ, ਸਾਦੇ ਵਾਲਾ ਅਤੇ ਜਾਮਾ ਰੋਡ ਉਤੇ ਅੱਜ ਵੀ ਖੜੇ ਸੀਵਰੇਜ ਦੇ ਗੰਦੇ ਪਾਣੀ ਤੋਂ ਪ੍ਰੇਸ਼ਾਨ ਇਲਾਕਾ ਨਿਵਾਸੀਆਂ ਨੇ ਅਪਣੀਆਂ ਔਰਤਾਂ ਅਤੇ ਬੱਚਿਆਂ ਸਮੇਤ ਪਹਿਲਾਂ ਨਗਰ ਕੌਂਸਲ ਅੱਗੇ ਧਰਨਾ ਲਗਾਇਆ ਪਰ ਜਦ ਕਾਰਜ ਸਾਧਕ ਅਫ਼ਸਰ ਨੇ ਇਹ ਕਹਿ ਕੇ ਪੱਲਾ ਛੁਡਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਕੰਮ ਤਾਂ ਸਿਵਰੇਜ ਬੋਰਡ ਦਾ ਹੈ ਤਾਂ ਗੁੱਸੇ ਵਿਚ ਆਏ ਲੋਕਾਂ ਨੇ ਮਾਲੇਰਕੋਟਲਾ-ਲੁਧਿਆਣਾ ਹਾਈਵੇ ਉਤੇ ਧਰਨਾ ਲਗਾ ਕੇ ਪੰਜਾਬ ਸਰਕਾਰ, ਨਗਰ ਕੌਂਸਲ ਅਤੇ ਪ੍ਰਧਾਨ ਵਿਰੁਧ ਨਾਹਰੇਬਾਜ਼ੀ ਕੀਤੀ। ਸਥਿਤੀ ਨੂੰ ਵੇਖਦਿਆਂ ਥਾਣਾ ਸਿਟੀ-ਇਕ ਦੇ ਮੁਖੀ ਬਲਜੀਤ ਸਿੰਘ ਨੇ ਧਰਨਾ ਚੁਕਵਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਦਾ ਕਹਿਣਾ ਸੀ ਜਦ ਤਕ ਸੀਵਰੇਜ ਬੋਰਡ ਦਾ ਐਕਸੀਅਨ, ਏ.ਡੀ.ਸੀ. ਖ਼ੁਦ ਪਹੁੰਚ ਕੇ ਮਸਲੇ ਦਾ ਹੱਲ ਨਹੀਂ ਕੱਢਦੇ ਅਤੇ ਮੌਕਾ ਨਹੀਂ ਵੇਖਦੇ, ਉਦੋਂ ਤਕ ਧਰਨਾ ਨਹੀਂ ਚੁੱਕਿਆ ਜਾਵੇਗਾ। ਧਰਨਾਕਾਰੀਆਂ ਸਮਾਜ ਸੇਵੀ ਪਰਵੇਜ਼ ਖ਼ਾਨ, ਅਕਰਮ ਲਿਬੜਾ ਅਤੇ ਅਨਵਰ ਮਹਿਬੂਬ ਦਾ ਕਹਿਣਾ ਸੀ ਕਿ ਮੀਂਹ ਕਾਰਨ ਮਾਲੇਰਕੋਟਲਾ ਸ਼ਹਿਰ ਦੀਆਂ ਅੰਦਰਲੀਆਂ ਗਲੀਆਂ ਪੂਰੀ ਤਰ੍ਹਾਂ ਪਾਣੀ ਨਾਲ ਭਰ ਜਾਂਦੀਆਂ ਹਨ ਤੇ ਪਾਣੀ ਦੀ ਨਿਕਾਸੀ ਹੋਣ ਨੂੰ ਕਈ ਘੰਟੇ ਲਗਦੇ ਹਨ, ਇਸ ਲਈ ਲੋਕਾਂ ਦਾ ਜਿਉਣਾ ਦੁੱਬਰ ਹੋ ਰਿਹਾ ਹੈ। ਸ਼ਹਿਰ ਦੇ ਅੰਦਰ ਬਹੁਤੇ ਘਰ ਤਾਂ ਅਜਿਹੇ ਵੀ ਹਨ ਜਿਥੋਂ ਲੋਕਾਂ ਦਾ ਜ਼ਿਆਦਾ ਪਾਣੀ ਕਾਰਨ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਸਾਡੇ ਘਰਾਂ ਅੰਦਰ ਪਾਣੀ ਜਾਣ ਕਾਰਨ ਸਥਿਤੀ ਗੰਭੀਰ ਹੋ ਚੁੱਕੀ ਹੈ। ਮੌਕੇ ਉਤੇ ਪਹੁੰਚੇ ਏ.ਡੀ.ਸੀ ਸੁਖਪ੍ਰੀਤ ਸਿੰਘ, ਐਸ.ਡੀ.ਐਮ. ਗੁਰਮੀਤ ਕੁਮਾਰ ਬਾਂਸਲ ਤੇ ਸਿਵਰੇਜ ਬੋਰਡ ਦੇ ਐਕਸੀਅਨ ਸ. ਸਤਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਉਹ 24 ਘੰਟੇ ਅੰਦਰ ਪਾਣੀ ਦੀ ਨਿਕਾਸੀ ਕਰਵਾ ਦੇਣਗੇ ਅਤੇ ਇਸ ਦੇ ਪੁਖਤਾ ਹੱਲ ਲਈ ਵੀ ਪ੍ਰਬੰਧ ਕੀਤੇ ਜਾਣਗੇ। ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਪਾਣੀ ਵਿਚ ਜਾ ਕੇ ਮੌਕੇ ਦੀ ਵੀ ਸਥਿਤੀ ਦਾ ਜਾਇਜ਼ਾ ਲਿਆ ਗਿਆ। ਜ਼ਿਕਰਯੋਗ ਹੈ ਕਿ ਇਹ ਖੁਲ੍ਹੇ ਨਾਲੇ ਨੂੰ ਬੰਦ ਕਰਨ ਲਈ ਪਿਛਲੀ ਸਰਕਾਰ ਨੇ 2020 ਵਿਚ ਪ੍ਰਪੋਜ਼ਲ ਬਣਾ ਕੇ 2021 ਵਿਚ ਸਿਵਰੇਜ ਬੋਰਡ ਨੂੰ ਟੈਂਡਰ ਦਿਤਾ ਸੀ। ਐਕਸੀਅਨ ਸਿਵਰੇਜ ਬੋਰਡ ਮੁਤਾਬਕ ਪਿਛਲੇ ਅਫ਼ਸਰਾਂ ਨੇ ਸਮੇਂ ਅੰਦਰ ਕੰਮ ਨਹੀਂ ਕੀਤਾ। ਉਨ੍ਹਾਂ ਵਿਰੁਧ ਵੀ ਲਿਖ ਕੇ ਭੇਜਿਆ ਜਾ ਰਿਹਾ ਹੈ। ਗ਼ੌਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਨਗਰ ਕੌਂਸਲ ਮੀਟਿੰਗਾਂ ਵਿਚ ਕੰਮ ਪਾਸ ਕਰਕੇ ਟੈਂਡਰ ਦੇਣ ਤੋਂ ਬਾਅਦ ਕਈ-ਕਈ ਸਾਲ ਕੰਮਾਂ ਨੂੰ ਲਟਕਾ ਕੇ ਰੱਖਣ ਨਾਲ ਵੀ ਅਜਿਹੀਆਂ ਸਥਿਤੀਆਂ ਪੈਦਾ ਹੁੰਦਿਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਹੰਮਦ ਸ਼ਰੀਫ਼, ਮੁਹੰਮਦ ਇਕਬਾਲ, ਮੁਹੰਮਦ ਰਫ਼ੀਕ, ਮੁਹੰਮਦ ਇਮਤਿਆਜ਼, ਅਬਦੁਲ ਜਬਾਰ, ਮੁਹੰਮਦ ਇਰਫ਼ਾਨ ਅੰਜਮ, ਮਾਸਟਰ ਜਿਆਉਲਾ, ਰਾਜੂ ਫ਼ਰੂਟ ਵਾਲਾ, ਮੁਹੰਮਦ ਸ਼ਕੀਲ, ਮੁਹੰਮਦ ਮਨੀਰ ਅਤੇ ਮੁਹੰਮਦ ਅਨਵਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਥਾਨਕ ਲੋਕ ਹਾਜ਼ਰ ਸਨ।
ਸੀਵਰੇਜ ਅਤੇ ਪਾਣੀ ਦੀ ਨਿਕਾਸੀ ਲਈ ਪਾਏ ਗਏ ਪਾਇਪਾਂ ਦੀ ਜਾਂਚ ਕੀਤੀ ਜਾਵੇ : ਜ਼ਾਹਿਦਾ ਸੁਲੇਮਾਨ

ਮਾਲੇਰਕੋਟਲਾ, 4 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਹੈ ਕਿ ਜਿਸ ਤਰੀਕੇ ਨਾਲ ਥੋੜੀ ਜਿਹੀ ਬਾਰਸ਼ ਤੋਂ ਬਾਅਦ ਸ਼ਹਿਰ ਅੰਦਰ ਪਾਣੀ ਭਰ ਰਿਹਾ ਹੈ, ਉਸ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਪਿਛਲੀਆਂ ਸਰਕਾਰਾਂ ਵੇਲੇ ਸਿਵਰੇਜ ਸਿਸਟਮ ਅਤੇ ਪਾਣੀ ਦੀ ਨਿਕਾਸੀ ਲਈ ਪਾਏ ਗਏ ਪਾਈਪਾਂ ਦਾ ਸਾਈਜ਼ ਛੋਟਾ ਪਾਇਆ ਗਿਆ ਹੈ ਜਿਸ ਕਾਰਨ ਪਾਣੀ ਅੱਗੇ ਨਹੀਂ ਜਾ ਰਿਹਾ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਕੁੱਝ ਸਮੇਂ ਦੀ ਬਾਰਸ਼ ਤੋਂ ਬਾਅਦ ਹੀ ਸ਼ਹਿਰ ਦੇ ਕਈ ਇਲਾਕੇ ਪਾਣੀ ਵਿਚ ਡੁੱਬ ਜਾਂਦੇ ਹਨ। ਖ਼ਾਸ ਤੌਰ ਤੇ ਮਾਲੇਰ, ਸਰਹੰਦੀ ਗੇਟ ਅਤੇ ਸਰੌਦ ਰੌਡ ਵਾਲੇ ਇਲਾਕੇ ਦਾ ਜ਼ਿਕਰ ਉਨ੍ਹਾਂ ਕਿਹਾ ਕਿ ਉਹ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਨ ਕਿ ਪੰਜਾਬ ਸਰਕਾਰ ਵਲੋਂ ਸਿਵਰੇਜ ਅਤੇ ਪਾਣੀ ਦੀ ਨਿਕਾਸੀ ਲਈ ਭੇਜੀ ਗਈ ਗ੍ਰਾਂਟ ਨੂੰ ਸਹੀ ਅਤੇ ਵਾਜਿਬ ਤਰੀਕੇ ਨਾਲ ਖ਼ਰਚ ਕੀਤਾ ਹੈ, ਇਸ ਬਾਰੇ ਜਾਂਚ ਕੀਤੀ ਜਾਣੀ ਚਾਹੀਦੀ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਪਾਣੀ ਦੀ ਨਿਕਾਸੀ ਲਈ 6-6 ਫ਼ਟ ਦੇ ਪਾਈਪ ਪਾਉਣ ਲਈ ਪੰਜਾਬ ਸਰਕਾਰ ਨੇ ਪੈਸੇ ਭੇਜੇ ਸਨ ਪਰ ਉਨ੍ਹਾਂ ਨੂੰ ਸ਼ੱਕ ਹੈ ਕਿ ਸੱਤਾਧਾਰੀਆਂ ਅਤੇ ਅਧਿਕਾਰੀਆਂ ਨੇ ਮਿਲ ਕੇ ਇਸ ਦੀ ਬਜਾਏ 3-3 ਫ਼ੁਟ ਵਾਲੇ ਪਾਇਪ ਪਾਏ ਹਨ। ਸ਼੍ਰੋਮਣੀ ਅਕਾਲੀ ਦਲ ਮੰਗ ਕਰਦਾ ਹੈ ਕਿ ਸਿਵਰੇਜ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਆਏ ਪੈਸੇ ਨੂੰ ਖ਼ਰਚ ਕੀਤੇ ਜਾਣ ਦੀਆਂ ਫ਼ਾਈਲਾਂ ਖੋਲ੍ਹੀਆਂ ਜਾਣ ਅਤੇ ਜਾਂਚ ਕੀਤੀ ਜਾਵੇ। ਪਾਈਪਾਂ ਨੂੰ ਪੁੱਟ ਕੇ ਉਨ੍ਹਾਂ ਦਾ ਸਾਈਜ਼ ਚੈੱਕ ਕੀਤਾ ਜਾਵੇ। ਰਿਸ਼ਵਤਖੋਰ ਨੇਤਾਵਾਂ ਅਤੇ ਅਧਿਕਾਰੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਡਿਪਟੀ ਕਮਿਸ਼ਨ ਅਤੇ ਵਧੀਕ ਡਿਪਟੀ ਕਮਸ਼ਿਨਰ (ਸ਼ਹਿਰੀ) ਨੂੰ ਅਪੀਲ ਕੀਤੀ ਹੈ ਕਿ ਲੋਕਾਂ ਦੇ ਘਰਾਂ ਵਿਚ ਅਤੇ ਮੁਹੱਲਿਆਂ ਵਿਚ ਜਮ੍ਹਾਂ ਹੋ ਚੁੱਕੇ ਪਾਣੀ ਨੂੰ ਮਸ਼ੀਨਾਂ ਰਾਹੀਂ ਕਢਵਾਇਆ ਜਾਵੇ ਅਤੇ ਜਲਦੀ ਬਿਮਾਰੀ ਰੋਕੂ ਦਵਾਈਆਂ ਦਾ ਛਿੜਕਾ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਬੀਬਾ ਜ਼ਾਹਿਦਾ ਸੁਲੇਮਾਨ ਨੇ ਅੱਜ ਪੂਰੇ ਹਲਕੇ ਦਾ ਦੌਰਾ ਕੀਤਾ ਅਤੇ ਸ਼ਹਿਰ ਅਤੇ ਪਿੰਡਾਂ ਵਿਚ ਖੜੇ ਪਾਣੀ ਦਾ ਜਾਇਜ਼ਾ ਲੈਣ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਕਈ ਥਾਵਾਂ ਤੋਂ ਪਾਣੀ ਕਢਵਾਇਆ। ਫ਼ਰੀਦਪੁਰ ਕਲਾਂ ਤੋਂ ਮੁਬਾਰਕਪੁਰ ਚੂੰਘਾਂ ਵਾਲੇ ਨਾਲੇ ਦੁਆਲੇ ਇਕੱਠਾ ਹੋਇਆ ਪਾਣੀ ਵੀ ਸੜਕ ਤੁੜਵਾ ਕੇ ਅੱਗੇ ਕਢਵਾ ਦਿਤਾ ਹੈ।