ਮਾਲੇਗਾਉਂ ਬਲਾਸਟ ਧਮਾਕਾ ਮਾਮਲਾ : 17 ਸਾਲਾਂ ਬਾਅਦ ਸਾਧਵੀ ਪ੍ਰਗਿਆ ਸਮੇਤ ਸਾਰੇ ਮੁਲਜ਼ਮ ਬਰੀ


(ਨਿਊਜ਼ ਟਾਊਨ ਨੈਟਵਰਕ)
ਮੁੰਬਈ, 31 ਜੁਲਾਈ : ਐਨ.ਆਈ.ਏ ਅਦਾਲਤ ਨੇ ਮਾਲੇਗਾਉਂ ਧਮਾਕੇ ਦੇ ਮਾਮਲੇ ਵਿਚ ਸਾਧਵੀ ਪ੍ਰਗਿਆ ਸਿੰਘ, ਲੈਫਟੀਨੈਂਟ ਕਰਨਲ ਪੁਰੋਹਿਤ ਅਤੇ ਹੋਰ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿਤਾ ਹੈ। ਇਸ ਤੋਂ ਇਲਾਵਾ ਮੇਜਰ (ਸੇਵਾਮੁਕਤ) ਰਮੇਸ਼ ਉਪਾਧਿਆਏ, ਸੁਧਾਕਰ ਚਤੁਰਵੇਦੀ, ਅਜੈ ਰਹੀਰਕਰ, ਸੁਧਾਕਰ ਧਰ ਦਿਵੇਦੀ ਉਰਫ਼ ਸ਼ੰਕਰਾਚਾਰੀਆ ਅਤੇ ਸਮੀਰ ਕੁਲਕਰਨੀ ਵੀ ਆਰੋਪੀਆਂ ਵਿਚ ਸ਼ਾਮਲ ਹਨ। 29 ਸਤੰਬਰ 2008 ਨੂੰ ਰਮਜ਼ਾਨ ਦੇ ਮਹੀਨੇ ਦੌਰਾਨ ਮੁਸਲਿਮ ਬਹੁਲਤਾ ਵਾਲੇ ਇਲਾਕੇ ਮਾਲੇਗਾਉਂ ਦੇ ਭੀਕੂ ਚੌਕ ਵਿਚ ਇਕ ਬੰਬ ਧਮਾਕਾ ਹੋਇਆ ਸੀ। ਇਸ ਵਿਚ 6 ਲੋਕ ਮਾਰੇ ਗਏ ਸਨ ਅਤੇ 101 ਲੋਕ ਜ਼ਖਮੀ ਹੋ ਗਏ ਸਨ। ਐਨਆਈਏ ਅਦਾਲਤ ਨੇ ਹੁਕਮ ਦਿਤਾ ਹੈ ਕਿ ਧਮਾਕੇ ਦੇ ਸਾਰੇ 6 ਪੀੜਤਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਸਾਰੇ ਜ਼ਖਮੀ ਪੀੜਤਾਂ ਨੂੰ 50,000 ਰੁਪਏ ਮੁਆਵਜ਼ਾ ਦਿਤਾ ਜਾਵੇ। ਸਾਧਵੀ ਪ੍ਰਗਿਆ ਠਾਕੁਰ ਨੂੰ ਇਸ ਮਾਮਲੇ ਵਿਚ ਅਕਤੂਬਰ 2008 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸਾਧਵੀ ਪ੍ਰਗਿਆ ਠਾਕੁਰ ‘ਤੇ ਆਰੋਪ ਸੀ ਕਿ ਧਮਾਕੇ ਵਿਚ ਵਰਤਿਆ ਗਿਆ ਮੋਟਰਸਾਈਕਲ ਉਨ੍ਹਾਂ ਦੇ ਨਾਮ ‘ਤੇ ਰਜਿਸਟਰਡ ਸੀ। ਅਦਾਲਤ ਵਿਚ ਐਨ.ਆਈ.ਏ ਵਲੋਂ ਪੇਸ਼ ਹੋਏ ਵਿਸ਼ੇਸ਼ ਵਕੀਲ ਅਵਿਨਾਸ਼ ਰਸਾਲ ਨੇ ਕਈ ਸਬੂਤਾਂ ਦਾ ਹਵਾਲਾ ਦਿਤਾ, ਜਿਨ੍ਹਾਂ ਵਿਚ ਕਾਲ ਡੇਟਾ ਰਿਕਾਰਡ, ਇੰਟਰਸੈਪਟਡ ਫੋਨ ਕਾਲਾਂ ਅਤੇ ਮੁਲਜ਼ਮਾਂ ਤੋਂ ਬਰਾਮਦ ਕੀਤੀ ਗਈ ਸਮੱਗਰੀ ਸ਼ਾਮਲ ਹੈ।