ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਹਾਰਨ ਮਗਰੋਂ ਪੰਜਾਬ ਕਾਂਗਰਸ ‘ਚ ਵੱਡੀ ਉਥਲ-ਪੁਥਲ


ਪਰਗਟ ਸਿੰਘ ਤੇ ਕਿੱਕੀ ਢਿੱਲੋਂ ਨੇ ਦਿਤਾ ਅਸਤੀਫ਼ਾ
ਚੰਡੀਗੜ੍ਹ, 25 ਜੂਨ (ਨਿਊਜ਼ ਟਾਊਨ ਨੈਟਵਰਕ) : ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਹਾਰਨ ਮਗਰੋਂ ਕਾਂਗਰਸ ਚ ਅਸਤੀਫ਼ਿਆਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਨੇ ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਪਰਗਟ ਸਿੰਘ ਨੇ ਇਹ ਫ਼ੈਸਲਾ ਲੁਧਿਆਣਾ ਚੋਣਾਂ ਵਿਚ ਹਾਰ ਤੋਂ ਬਾਅਦ ਲਿਆ ਹੈ। ਕਾਂਗਰਸ ਦੇ ਸਾਬਕਾ ਸਾਂਸਦ ਕੁਸ਼ਲਦੀਪ ਸਿੰਘ ਢਿੱਲੋਂ ਉਰਫ਼ ਕਿੱਕੀ ਢਿੱਲੋਂ ਨੇ ਵੀ ਅਸਤੀਫ਼ਾ ਦਿਤਾ ਹੈ।

ਦੋਹਾਂ ਨੇ ਅਪਣਾ ਅਸਤੀਫ਼ਾ ਕਾਂਗਰਸ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੂੰ ਭੇਜਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚੋਣ ਹਾਰਨ ਤੋਂ ਤੁਰੰਤ ਬਾਅਦ ਭਾਰਤ ਭੂਸ਼ਣ ਆਸ਼ੂ ਨੇ ਵੀ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਮੈਂ ਲੁਧਿਆਣਾ ਚੋਣਾਂ ਵਿੱਚ ਹਾਰ ਦੀ ਜ਼ਿੰਮੇਵਾਰੀ ਲੈਂਦਾ ਹਾਂ। ਮੰਨਿਆ ਜਾ ਰਿਹਾ ਹੈ ਕਿ ਵਿਧਾਇਕ ਪਰਗਟ ਸਿੰਘ ਸਿੰਘ ਅਤੇ ਕਿੱਕੀ ਢਿੱਲੋਂ ਨੇ ਵੀ ਲੁਧਿਆਣਾ ਚੋਣਾਂ ਵਿਚ ਹਾਰ ਦੇ ਮੱਦੇਨਜ਼ਰ ਅਸਤੀਫ਼ਾ ਦਿਤਾ ਹੈ।