ਇੰਦੌਰ ਹਵਾਈ ਅੱਡਾ ਰੋਡ ਉਤੇ ਵੱਡਾ ਹਾਦਸਾ !


(ਨਿਊਜ਼ ਟਾਊਨ ਨੈਟਵਰਕ)
ਇੰਦੌਰ, 16 ਸਤੰਬਰ : ਮੱਧ ਪ੍ਰਦੇਸ਼ ਦੇ ਇੰਦੌਰ ‘ਚ ਏਅਰਪੋਰਟ ਰੋਡ ‘ਤੇ ਸਥਿਤ ਸਿੱਖਿਆ ਨਗਰ ਵਿਚ ਸੋਮਵਾਰ ਸ਼ਾਮ ਨੂੰ ਇਕ ਭਿਆਨਕ ਹਾਦਸਾ ਵਾਪਰਿਆ ਹੈ। ਅੰਕਿਤ ਹੋਟਲ ਅਤੇ ਗੀਤਾਂਜਲੀ ਹਸਪਤਾਲ ਦੇ ਵਿਚਕਾਰ ਇੱਕ ਤੇਜ਼ ਰਫ਼ਤਾਰ ਟਰੱਕ ਨੇ 15 ਲੋਕਾਂ ਨੂੰ ਕੁਚਲ ਦਿੱਤਾ। ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਗੰਭੀਰ ਜ਼ਖਮੀ ਹਨ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਚਸ਼ਮਦੀਦਾਂ ਅਨੁਸਾਰ ਹਾਦਸੇ ਦੌਰਾਨ ਇੱਕ ਬਾਈਕ ਟਰੱਕ ਦੇ ਹੇਠਾਂ ਫਸ ਗਈ। ਟਰੱਕ ਬਾਈਕ ਨੂੰ ਕਾਫ਼ੀ ਦੂਰ ਤੱਕ ਘਸੀਟਦਾ ਰਿਹਾ, ਜਿਸ ਕਾਰਨ ਬਾਈਕ ਨੂੰ ਅੱਗ ਲੱਗ ਗਈ ਅਤੇ ਟਰੱਕ ਨੂੰ ਵੀ ਕੁਝ ਹੀ ਸਮੇਂ ਵਿੱਚ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਵਿਭਾਗ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਅੱਗ ‘ਤੇ ਕਾਬੂ ਪਾਉਣ ਦੇ ਨਾਲ-ਨਾਲ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਫਿਲਹਾਲ ਪੁਲਿਸ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।