ਮਹਾਰਾਸ਼ਟਰ : ਹਿੰਦੀ ਬੋਲਣ ਦੇ ਕਸੂਰ ਵਿਚ 19 ਸਾਲਾ ਨੌਜੁਆਨ ਦੀ ਕੁੱਟ-ਮਾਰ


ਮਾਨਸਿਕ ਤਣਾਅ ਕਾਰਨ ਲੜਕੇ ਨੇ ਘਰ ਜਾ ਕੇ ਕੀਤੀ ਖ਼ੁਦਕੁਸ਼ੀ
(ਨਿਊਜ਼ ਟਾਊਨ ਨੈਟਵਰਕ)
ਮੁੰਬਈ, 21 ਨਵੰਬਰ : ਮੁੰਬਈ ਦੇ ਨੇੜੇ ਕਲਿਆਣ ਵਿਚ ਹਿੰਦੀ-ਮਰਾਠੀ ਭਾਸ਼ਾ ਦੇ ਵਿਵਾਦ ਨੇ ਇਕ 19 ਸਾਲਾ ਕਾਲਜ ਵਿਦਿਆਰਥੀ (ਅਰਨਵ ਖੈਰੇ) ਦੀ ਜਾਨ ਲੈ ਲਈ। ਇਹ ਹੈਰਾਨ ਕਰਨ ਵਾਲੀ ਘਟਨਾ ਠਾਣੇ ਜ਼ਿਲ੍ਹੇ ਦੇ ਕਲਿਆਣ ਪੂਰਬ ਦੇ ਤਿਸਗਾਉਂ ਨਾਕਾ ਖੇਤਰ ਵਿਚ ਵਾਪਰੀ ਜਿੱਥੇ ਇਕ ਕਾਲਜ ਵਿਦਿਆਰਥੀ ਨੇ ਹਿੰਦੀ ਬੋਲਣ ਲਈ ਕੁੱਟਮਾਰ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਪਰਿਵਾਰ ਅਨੁਸਾਰ ਉਨ੍ਹਾਂ ਦਾ ਲੜਕਾ 18 ਨਵੰਬਰ ਨੂੰ ਮੁੰਬਈ ਦੀ ਇਕ ਸਥਾਨਕ ਰੇਲ ਗੱਡੀ ਵਿਚ ਭਾਸ਼ਾ ਵਿਵਾਦ ਅਤੇ ਹਮਲੇ ਕਾਰਨ ਉਹ ਬਹੁਤ ਤਣਾਅ ਵਿਚ ਸੀ। ਰਿਪੋਰਟਾਂ ਅਨੁਸਾਰ ਅਰਨਵ ਖੈਰੇ (19) ਆਮ ਵਾਂਗ ਮੰਗਲਵਾਰ ਸਵੇਰੇ ਕਾਲਜ ਲਈ ਘਰੋਂ ਨਿਕਲਿਆ। ਉਹ ਮੁਲੁੰਡ ਦੇ ਕੇਲਕਰ ਕਾਲਜ ਵਿਚ ਪਹਿਲੇ ਸਾਲ ਦਾ ਵਿਗਿਆਨ ਦਾ ਵਿਦਿਆਰਥੀ ਸੀ। ਉਹ ਕਲਿਆਣ ਤੋਂ ਮੁਲੁੰਡ ਜਾਣ ਵਾਲੀ ਇਕ ਰੇਲ ਗੱਡੀ ਵਿਚ ਚੜ੍ਹਿਆ। ਭੀੜ-ਭੜੱਕੇ ਕਾਰਨ ਉਸ ਨੂੰ ਵਾਰ-ਵਾਰ ਧੱਕਾ ਦਿਤਾ ਗਿਆ। ਇਸ ਲਈ ਉਸ ਨੇ ਇਕ ਯਾਤਰੀ ਨੂੰ ਹਿੰਦੀ ਵਿਚ ਕਿਹਾ ਕਿ ਭਰਾ, ਕਿਰਪਾ ਕਰਕੇ ਥੋੜਾ ਅੱਗੇ ਵਧੋ, ਮੈਨੂੰ ਧੱਕਾ ਦਿਤਾ ਜਾ ਰਿਹਾ ਹੈ। ਯਾਤਰੀਆਂ ਦੇ ਇਕ ਸਮੂਹ ਨੇ ਅਰਨਵ ਦੇ ਮਰਾਠੀ ਦੀ ਬਜਾਏ ਹਿੰਦੀ ਬੋਲਣ ‘ਤੇ ਇਤਰਾਜ਼ ਕੀਤਾ ਅਤੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿਤਾ। ਅਰਨਬ ਨੇ ਜਵਾਬ ਦਿਤਾ ਕਿ ਉਹ ਵੀ ਮਰਾਠੀ ਹੈ ਪਰ ਚਾਰ-ਪੰਜ ਯਾਤਰੀਆਂ ਨੇ ਉਸ ਨੂੰ ਬੇਰਹਿਮੀ ਨਾਲ ਕੁੱਟਿਆ। ਹਿੰਸਾ ਤੋਂ ਡਰਦੇ ਹੋਏ ਅਰਨਬ ਮੁਲੁੰਡ ਦੀ ਬਜਾਏ ਠਾਣੇ ਸਟੇਸ਼ਨ ‘ਤੇ ਉਤਰ ਗਿਆ। ਅਰਨਬ ਦੇ ਪਿਤਾ ਜਤਿੰਦਰ ਖੈਰੇ ਨੇ ਕਿਹਾ ਕਿ ਉਸ ਦਾ ਪੁੱਤਰ ਘਰ ਵਾਪਸ ਆਉਣ ‘ਤੇ ਡਰ ਗਿਆ ਸੀ। ਉਸ ਨੇ ਕਿਹਾ ਕਿ ਮੇਰੇ ਪੁੱਤਰ ਨੇ ਕੰਬਦੇ ਹੋਏ ਮੈਨੂੰ ਦੱਸਿਆ ਕਿ ਉਸ ਨੂੰ ਰੇਲ ਗੱਡੀ ਵਿਚ ਥੱਪੜ ਮਾਰਿਆ ਗਿਆ ਸੀ ਅਤੇ ਧਮਕੀਆਂ ਦਿਤੀਆਂ ਗਈਆਂ ਸਨ। ਉਸ ਨੂੰ ਪੁੱਛਿਆ ਗਿਆ ਕਿ ਉਸ ਨੂੰ ਮਰਾਠੀ ਬੋਲਣ ਵਿਚ ਕੀ ਸਮੱਸਿਆ ਹੈ। ਉਸ ਨੇ ਠਾਣੇ ਵਿਚ ਉਤਰਨ ਤੋਂ ਬਾਅਦ ਮੈਨੂੰ ਫ਼ੋਨ ਕੀਤਾ। ਉਹ ਬਹੁਤ ਡਰਿਆ ਹੋਇਆ ਸੀ। ਫਿਰ ਵੀ ਉਸ ਨੇ ਮੁਲੁੰਡ ਲਈ ਇਕ ਹੋਰ ਰੇਲ ਗੱਡੀ ਫੜੀ ਅਤੇ ਕਾਲਜ ’ਚ ਪ੍ਰੈਕਟੀਕਲ ਵਿਚ ਭਾਗ ਲਿਆ ਅਤੇ ਘਰ ਵਾਪਸ ਆ ਗਿਆ। ਉਸ ਨੇ ਉਸ ਦਿਨ ਕੋਈ ਲੈਕਚਰ ਅਟੈਂਡ ਨਾ ਕੀਤਾ। ਅਰਨਬ ਦੇ ਪਿਤਾ ਨੇ ਦਾਅਵਾ ਕੀਤਾ ਕਿ ਹਮਲੇ ਨੇ ਅਰਨਬ ਨੂੰ ਗੰਭੀਰ ਮਾਨਸਿਕ ਸਦਮਾ ਪਹੁੰਚਾਇਆ ਸੀ। ਇਸ ਦੇ ਤਣਾਅ ਵਿਚ ਉਹ ਘਰ ਵਾਪਸ ਆਇਆ ਅਤੇ ਖ਼ੁਦਕੁਸ਼ੀ ਕਰ ਲਈ। ਜਤਿੰਦਰ ਖੈਰੇ ਨੇ ਕਿਹਾ ਕਿ ਮੇਰਾ ਪੁੱਤਰ ਚਲਾ ਗਿਆ ਹੈ ਪਰ ਭਾਸ਼ਾ ਨੂੰ ਲੈ ਕੇ ਅਜਿਹੀ ਨਫ਼ਰਤ ਅਤੇ ਹਿੰਸਾ ਕਿਤੇ ਵੀ ਨਹੀਂ ਹੋਣੀ ਚਾਹੀਦੀ।
