ਬ੍ਰਾਜ਼ੀਲ ‘ਚ ਪੀਐਮ ਮੋਦੀ ਦਾ ਗਾਰਡ ਆਫ਼ ਆਨਰ ਨਾਲ ਸਵਾਗਤ


ਬ੍ਰਾਸੀਲੀਆ, 8 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਬ੍ਰਾਜ਼ੀਲ ਪਹੁੰਚ ਗਏ। ਰਾਜਧਾਨੀ ਬ੍ਰਾਸੀਲੀਆ ਦੇ ਏਅਰਪੋਰਟ ‘ਤੇ ਪੀਐਮ ਮੋਦੀ ਦਾ ਸੁਆਗਤ ਕਰਨ ਲਈ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡੀ ਸਿਲਵਾ ਆਪਣੀ ਪਤਨੀ ਨਾਲ ਖੁੱਦ ਮੌਜੂਦ ਰਹੇ। ਰਾਸ਼ਟਰਪਤੀ ਲੂਲਾ ਦਾ ਸਿਲਵਾ ਨੇ ਪੀਐਮ ਮੋਦੀ ਦਾ ਗਾਰਡ ਆਫ਼ ਆਨਰ ਨਾਲ ਸਵਾਗਤ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡੀ ਸਿਲਵਾ ਨੇ ਇਕ ਦੂਜੇ ਨੂੰ ਜੱਫੀ ਵੀ ਪਾਈ।

ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੇ ਬ੍ਰਾਸੀਲੀਆ ਵਿਖੇ ਅਲਵੋਰਾਡਾ ਪੈਲੇਸ (ਰਾਸ਼ਟਰਪਤੀ ਨਿਵਾਸ) ਪਹੁੰਚਣ ‘ਤੇ ਭਾਰਤੀ ਸ਼ਾਸਤਰੀ ਸੰਗੀਤ ਪੇਸ਼ ਕੀਤਾ ਗਿਆ। ਰਸਮੀ ਸਵਾਗਤ ਦੌਰਾਨ ਪੈਲੇਸ ਵਿਖੇ ਭਾਰਤ ਅਤੇ ਬ੍ਰਾਜ਼ੀਲ ਦੇ ਰਾਸ਼ਟਰੀ ਗੀਤ ਵੀ ਗਾਏ ਗਏ। ਬ੍ਰਾਸੀਲੀਆ ਦੇ ਸਥਾਨਕ ਕਲਾਕਾਰਾਂ ਨੇ ਸੋਮਵਾਰ ਨੂੰ ਸ਼ਿਵ ਤਾਂਡਵ ਸਤੋਤਰਾਂ ਨਾਲ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ। ਰੰਗੀਨ ਪੁਸ਼ਾਕਾਂ ਵਿਚ ਸਜੇ ਕਲਾਕਾਰਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਨਮਾਨ ਵਿਚ ਰਵਾਇਤੀ ਸਾਂਬਾ ਰੇਗੇ ਨਾਚ ਦਾ ਸ਼ਾਨਦਾਰ ਸੱਭਿਆਚਾਰਕ ਪ੍ਰਦਰਸ਼ਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ‘ਤੇ ਵੀ ਇਸਦੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਪੇਸ਼ਕਾਰੀ ਬ੍ਰਾਜ਼ੀਲ ਦੀ ਅਮੀਰ ਵਿਰਾਸਤ ਨੂੰ ਦਰਸਾਉਂਦੀ ਹੈ।

ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡੀ ਸਿਲਵਾ ਨਾਲ ਵਪਾਰ, ਰੱਖਿਆ, ਊਰਜਾ, ਪੁਲਾੜ, ਤਕਨਾਲੋਜੀ, ਖੇਤੀਬਾੜੀ ਅਤੇ ਸਿਹਤ ਸਮੇਤ ਕਈ ਮੁੱਦਿਆਂ ‘ਤੇ ਦੁਵੱਲੀ ਗੱਲਬਾਤ ਕਰਨਗੇ। ਭਾਰਤੀ ਪ੍ਰਧਾਨ ਮੰਤਰੀ 2 ਜੁਲਾਈ ਤੋਂ 10 ਜੁਲਾਈ ਤੱਕ 5 ਦੇਸ਼ਾਂ ਦੇ ਦੌਰੇ ‘ਤੇ ਹਨ। ਹੁਣ ਤਕ ਉਹ ਘਾਨਾ, ਤ੍ਰਿਨੀਦਾਦ ਅਤੇ ਟੋਬੈਗੋ, ਅਰਜਨਟੀਨਾ ਦਾ ਦੌਰਾ ਕਰ ਚੁੱਕੇ ਹਨ। ਇਸ ਸਮੇਂ ਉਹ ਬ੍ਰਾਜ਼ੀਲ ਦੇ ਦੌਰੇ ‘ਤੇ ਹਨ ਅਤੇ ਇਥੋਂ ਉਹ ਨਾਮੀਬੀਆ ਜਾਣਗੇ।
