ਲੁਧਿਆਣਾ ਪੱਛਮੀ ਜ਼ਿਮਨੀ ਚੋਣ: ਸ਼ਾਮ 6 ਵਜੇ ਤਕ ਜਾਰੀ ਰਹੇਗੀ ਵੋਟਿੰਗ

0
VVPAT-Election-voting-2-2048x853

ਲੁਧਿਆਣਾ, 19 ਜੂਨ (ਨਿਊਜ਼ ਟਾਊਨ ਨੈਟਵਰਕ) : ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਵਿਚ ਵੀਰਵਾਰ ਨੂੰ ਸ਼ਾਮ 5 ਵਜੇ ਤੱਕ 49.07% ਵੋਟਰਾਂ ਨੇ ਵੋਟਿੰਗ ਦਰਜ ਕੀਤੀ ਹੈ।

ਜ਼ਿਲ੍ਹਾ ਚੋਣ ਅਫ਼ਸਰ (ਡੀ.ਈ.ਓ) ਹਿਮਾਂਸ਼ੂ ਜੈਨ ਨੇ ਦੱਸਿਆ ਕਿ ਅੱਜ ਸਵੇਰੇ 7 ਵਜੇ ਸ਼ੁਰੂ ਹੋਈ ਵੋਟਿੰਗ ਪੂਰੀ ਤਰ੍ਹਾਂ ਸ਼ਾਂਤੀਪੂਰਨ ਅਤੇ ਸੁਚਾਰੂ ਢੰਗ ਨਾਲ ਹੋਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਦੋ ਘੰਟਿਆਂ (ਸਵੇਰੇ 7 ਵਜੇ ਤੋਂ 9 ਵਜੇ ਤੱਕ) ਵਿਚ ਵੋਟਿੰਗ ਫ਼ੀਸਦ 8.5% ਸੀ, ਸਵੇਰੇ 11 ਵਜੇ ਤੱਕ 21.51% ਰਹੀ ਅਤੇ ਦੁਪਹਿਰ 1 ਵਜੇ ਤੱਕ 33.42% ਵੋਟਿੰਗ ਤੇ 3 ਵਜੇ ਤਕ 41.04% ਵੋਟਿੰਗ ਦਰਜ ਕੀਤੀ ਗਈ ।

ਜ਼ਿਲ੍ਹਾ ਚੋਣ ਅਫਸਰ ਨੇ ਵੀਰਵਾਰ ਨੂੰ ਕਈ ਪੋਲਿੰਗ ਸਟੇਸ਼ਨਾਂ ਦੇ ਆਪਣੇ ਦੌਰੇ ਦੌਰਾਨ ਪੋਲਿੰਗ ਸਟਾਫ਼, ਵੋਟਰਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਹੁਣ ਤੱਕ ਵੋਟਰਾਂ ਵਲੋਂ ਸ਼ਾਂਤੀਪੂਰਨ ਵੋਟਿੰਗ ਪੰਜਾਬੀਆਂ ਦੇ ਦੇਸ਼ ਪ੍ਰਤੀ ਫਰਜ਼ ਪ੍ਰਤੀ ਪਿਆਰ ਨੂੰ ਦਰਸਾਉਂਦੀ ਹੈ।

ਹਿਮਾਂਸ਼ੂ ਜੈਨ ਨੇ ਵੋਟਰਾਂ ਨੂੰ ਵੱਡੀ ਗਿਣਤੀ ਵਿਚ ਵੋਟ ਪਾਉਣ ਲਈ ਬਾਹਰ ਆ ਕੇ ਵੋਟ ਪਾਉਣ ਦਾ ਨਵਾਂ ਰਿਕਾਰਡ ਕਾਇਮ ਕਰਨ ਲਈ ਵੀ ਉਤਸ਼ਾਹਿਤ ਕੀਤਾ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਵੋਟਿੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪੋਲਿੰਗ ਸਟੇਸ਼ਨ ਦੇ ਅੰਦਰ ਮੌਜੂਦ ਆਖਰੀ ਵੋਟਰ ਆਪਣੀ ਵੋਟ ਨਹੀਂ ਪਾ ਦਿੰਦਾ।

ਇਸ ਦੌਰਾਨ ਜਨਰਲ ਆਬਜ਼ਰਵਰ ਰਾਜੀਵ ਕੁਮਾਰ ਨੇ ਵੀ 45 ਤੋਂ ਵੱਧ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਅਤੇ ਕਿਹਾ ਕਿ ਪੋਲਿੰਗ ਪੂਰੀ ਤਰ੍ਹਾਂ ਸ਼ਾਂਤੀਪੂਰਨ ਢੰਗ ਨਾਲ ਹੋ ਰਹੀ ਹੈ।

ਦੱਸਣਯੋਗ ਹੈ ਕਿ ਲੁਧਿਆਣਾ ਪੱਛਮੀ ਹਲਕਾ, ਭਾਵ ਕਿ ਜਿਸ ਸੀਟ ‘ਤੇ ਅੱਜ ਚੋਣਾਂ ਹੋਈਆਂ ਹਨ, ਉਸ ਸੀਟ ‘ਤੇ ਗੁਰਪ੍ਰੀਤ ਗੋਗੀ ਵਿਧਾਇਕ ਸਨ, ਜਿਨ੍ਹਾਂ ਦੀ ਗੋਲੀ ਲੱਗਣ ਕਰਕੇ ਮੌਤ ਹੋ ਗਈ ਸੀ। ਹੁਣ ਆਮ ਆਦਮੀ ਪਾਰਟੀ ਨੇ ਸੰਜੀਵ ਅਰੋੜਾ ਨੂੰ ਉਮੀਦਵਾਰ ਐਲਾਨਿਆ ਸੀ, ਜੇਕਰ ਉਹ ਇੱਥੋਂ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਦੀ ਜਗ੍ਹਾ ਅਰਵਿੰਦ ਕੇਜਰੀਵਾਲ ਰਾਜ ਸਭਾ ਜਾ ਸਕਦੇ ਹਨ।

ਕਾਂਗਰਸ ਨੇ ਇੱਥੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਉਹ 2012 ਅਤੇ 2017 ਵਿੱਚ ਇਸ ਸੀਟ ਤੋਂ ਚੋਣ ਜਿੱਤ ਚੁੱਕੇ ਹਨ। ਅਕਾਲੀ ਦਲ ਨੇ ਵਕੀਲ ਪਰਉਪਕਾਰ ਸਿੰਘ ਘੁੰਮਣ ਨੂੰ ਟਿਕਟ ਦਿੱਤੀ ਹੈ। ਇਸ ਦੇ ਨਾਲ ਹੀ ਭਾਜਪਾ ਨੇ ਇੱਥੋਂ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਪਿਛੋਕੜ ਵਾਲੇ ਸੀਨੀਅਰ ਨੇਤਾ ਜੀਵਨ ਗੁਪਤਾ ਨੂੰ ਟਿਕਟ ਦਿੱਤੀ ਹੈ।

ਹੁਣ ਅਸਲ ਵਿੱਚ ਤਾਂ 23 ਜੂਨ ਨੂੰ ਪਤਾ ਲੱਗੇਗਾ ਕਿ ਕਿਹੜੇ ਉਮੀਦਵਾਰ ਨੂੰ ਲੁਧਿਆਣਾ ਵਾਲਿਆਂ ਨੇ ਚੁਣਿਆ ਹੈ, ਜਿਸ ਦੀ ਸਾਰਿਆਂ ਨੂੰ ਉਡੀਕ ਰਹੇਗੀ। ਸਾਰੀਆਂ ਪਾਰਟੀਆਂ ਨੇ ਹੀ ਆਪਣਾ ਪੂਰਾ ਜ਼ੋਰ ਲਾਇਆ ਸੀ ਚੋਣ ਪ੍ਰਚਾਰ ਕਰਨ ਵਿੱਚ, ਪਰ ਲੋਕਾਂ ਨੂੰ ਕੌਣ ਰਾਸ ਆਉਂਦਾ ਹੈ, ਇਹ ਤਾਂ 23 ਤਰੀਕ ਨੂੰ ਸਾਫ ਹੋ ਜਾਵੇਗਾ।

Leave a Reply

Your email address will not be published. Required fields are marked *