ਲੁਧਿਆਣਾ ‘ਚ ਜ਼ਮੀਨ ਵਿਵਾਦ ਨੂੰ ਲੈ ਕੇ ਵਿਅਕਤੀ ਨੇ ਕੀਤੀ ਖੁ਼ਦਕੁਸ਼ੀ


Ludhiana News
ਲੁਧਿਆਣਾ, 9 ਜੂਨ 2025 (ਨਿਊਜ਼ ਟਾਊਨ ਨੈਟਵਰਕ) :
ਲੁਧਿਆਣਾ ਵਿੱਚ ਇੱਕ ਵਿਅਕਤੀ ਵਲੋਂ ਆਪਣੇ ਘਰ ਵਿੱਚ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਲੁਧਿਆਣਾ ਦੇ ਸ਼ੇਰਪੁਰ ਕਲਾਂ ਪਿੰਡ ਵਿੱਚ ਵਾਪਰੀ ਹੈ। ਮ੍ਰਿਤਕ ਵਿਅਕਤੀ ਦੀ ਪਛਾਣ 50 ਸਾਲਾ ਰਾਜਇੰਦਰ ਸਿੰਘ ਵਜੋਂ ਹੋਈ ਹੈ। ਉੱਥੇ ਹੀ ਪੁਲਿਸ ਨੇ ਜਾਣਕਾਰੀ ਮਿਲਦਿਆਂ ਹੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ।

ਜਾਣਕਾਰੀ ਮੁਤਾਬਕ ਮ੍ਰਿਤਕ ਦੀ ਜੇਬ ਵਿਚੋਂ ਸੁਸਾਈਡ ਨੋਟ ਵੀ ਮਿਲਿਆ ਹੈ। ਇਸ ਸੁਸਾਈਡ ਨੋਟ ਵਿੱਚ ਆਪਣੀ ਭਾਬੀ ਅਤੇ ਇੱਕ ਹੋਰ ਵਿਅਕਤੀ ਤੋਂ ਦੁਖੀ ਹੋ ਕੇ ਮਰਨ ਦੀ ਗੱਲ ਆਖੀ ਹੈ। ਫਿਲਹਾਲ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੋਸ਼ੀਆਂ ‘ਤੇ ਮਾਮਲਾ ਦਰਜ ਹੋਣ ਅਤੇ ਗ੍ਰਿਫ਼ਤਾਰੀ ਤੱਕ ਅੰਤਿਮ ਸਸਕਾਰ ਨਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪੁਲਿਸ ਸੁਸਾਈਡ ਨੋਟ ਦੇ ਆਧਾਰ ‘ਤੇ ਮ੍ਰਿਤਕ ਦੀ ਭਾਬੀ ਅਤੇ ਦੂਜੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਨ ਦੀ ਕਾਰਵਾਈ ਕਰ ਰਹੀ ਹੈ।
ਦੱਸ ਦਈਏ ਕਿ ਰਾਜਇੰਦਰ ਸਿੰਘ ਆਪਣੇ ਘਰ ਵਿੱਚ ਇਕੱਲੇ ਰਹਿੰਦੇ ਸਨ, ਉਨ੍ਹਾਂ ਦੀ ਪਤਨੀ ਅਤੇ ਪੁੱਤ ਵਿਦੇਸ਼ ਵਿੱਚ ਰਹਿੰਦੇ ਹਨ। ਜਾਣਕਾਰੀ ਅਨੁਸਾਰ ਰਜਿੰਦਰ ਨੇ ਕੁਝ ਸਮਾਂ ਪਹਿਲਾਂ ਜ਼ਮੀਨ ਵੇਚੀ ਸੀ ਅਤੇ ਜਿਸ ਨੂੰ ਲੈਕੇ ਵਿਵਾਦ ਚੱਲ ਰਿਹਾ ਸੀ।