ਪੰਜਾਬ ‘ਚ ਲੰਬੇ ਸਮੇਂ ਤਕ ਖੜੇ ਹੜ੍ਹ ਦੇ ਪਾਣੀ ਨਾਲ ਬਿਮਾਰੀਆਂ ਫੈਲਣ ਦਾ ਬਣਿਆ ਖ਼ਤਰਾ


ਚੰਡੀਗੜ੍ਹ, 8 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਪੰਜਾਬ ਵਿਚ ਹੜ੍ਹ ਦਾ ਪਾਣੀ ਘੱਟਣਾ ਸ਼ੁਰੂ ਹੋ ਗਿਆ ਹੈ ਪਰ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਅਜੇ ਖ਼ਤਮ ਨਹੀਂ ਹੋਈਆਂ ਹਨ। ਰਾਜ ਦੇ ਸਿਹਤ ਵਿਭਾਗ ਨੇ ਪਹਿਲਾਂ ਹੀ ਬਿਮਾਰੀ ਫੈਲਣ ਦੇ ਵਧਦੇ ਖ਼ਤਰੇ ਬਾਰੇ ਚੇਤਾਵਨੀ ਜਾਰੀ ਕਰ ਦਿਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਚਮੜੀ ਦੇ ਰੋਗ, ਪਾਣੀ ਅਤੇ ਭੋਜਨ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਡੇਂਗੂ, ਹੈਜ਼ਾ, ਟਾਈਫਾਈਡ, ਦਸਤ ਅਤੇ ਹੈਪੇਟਾਈਟਸ ਏ ਅਤੇ ਈ ਦੇ ਫੈਲਣ ਦਾ ਖ਼ਤਰਾ ਹੈ। ਸਾਫ਼ ਪੀਣ ਵਾਲੇ ਪਾਣੀ ਦੀ ਘਾਟ, ਅਸੁਰੱਖਿਅਤ ਭੋਜਨ, ਲੰਬੇ ਸਮੇਂ ਤਕ ਖੜੇ ਹੜ੍ਹ ਦੇ ਪਾਣੀ ਦੇ ਸੰਪਰਕ ਵਿਚ ਆਉਣਾ ਅਤੇ ਸਫ਼ਾਈ ਸਹੂਲਤਾਂ ਦੀ ਘਾਟ ਵਰਗੀਆਂ ਸਮੱਸਿਆਵਾਂ ਹਨ। ਇਸ ਨਾਲ ਬਿਮਾਰੀਆਂ ਦੇ ਤੇਜ਼ੀ ਨਾਲ ਫੈਲਣ ਦਾ ਖ਼ਤਰਾ ਵੱਧ ਜਾਂਦਾ ਹੈ। ਚੇਤਾਵਨੀ ਵਿਚ ਕਿਹਾ ਗਿਆ ਹੈ ਕਿ ਆਮ ਪਾਣੀ ਦੇ ਸਰੋਤ ਹੁਣ ਸੁਰੱਖਿਅਤ ਨਹੀਂ ਰਹੇ। ਰਾਜ ਵਿਚ ਭਿਆਨਕ ਹੜ੍ਹਾਂ ਕਾਰਨ ਦੋ ਹੋਰ ਲੋਕਾਂ ਦੀ ਮੌਤ ਨਾਲ ਮੌਤਾਂ ਦੀ ਗਿਣਤੀ 48 ਤਕ ਪਹੁੰਚ ਗਈ ਹੈ, ਜਦੋਂ ਕਿ 1.76 ਲੱਖ ਹੈਕਟੇਅਰ ਖੇਤਰ ਵਿਚ ਫ਼ਸਲਾਂ ਤਬਾਹ ਹੋ ਗਈਆਂ ਹਨ। ਦੂਜੇ ਪਾਸੇ ਅੱਜ ਭਾਖੜਾ ਡੈਮ ‘ਚ ਪਾਣੀ ਦਾ ਪੱਧਰ 1677.39 ਫੁੱਟ ਦਰਜ ਕੀਤਾ ਗਿਆ ਹੈ। ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ‘ਚ ਖ਼ਤਰੇ ਦਾ ਨਿਸ਼ਾਨ 1680 ਫੁੱਟ ‘ਤੇ ਹੈ। ਹਾਲਾਂਕਿ ਇਸ ਵੇਲੇ ਭਾਖੜਾ ਡੈਮ ਖ਼ਤਰੇ ਦੇ ਨਿਸ਼ਾਨ ਤੋਂ ਲਗਭਗ 2.60 ਫੁੱਟ ਹੇਠਾਂ ਹੈ। ਇਸ ਦੇ ਨਾਲ ਹੀ ਭਾਖੜਾ ਡੈਮ ਦੇ ਚਾਰ ਫਲੱਡ ਗੇਟ ਸੱਤ-ਸੱਤ ਫੁੱਟ ਤਕ ਖੋਲ੍ਹੇ ਗਏ ਹਨ। ਭਾਖੜਾ ਡੈਮ ਵਿਚ ਪਾਣੀ ਦੀ ਆਮਦ 55,388 ਕਿਊਸਿਕ ਹੈ। ਭਾਖੜਾ ਡੈਮ ਤੋਂ ਟਰਬਾਈਨਾਂ ਅਤੇ ਫਲੱਡ ਗੇਟਾਂ ਰਾਹੀਂ ਕੁੱਲ 66,863 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਨੰਗਲ ਡੈਮ ਤੋਂ ਵੱਖ-ਵੱਖ ਨਹਿਰਾਂ ਅਤੇ ਸਤਲੁਜ ਦਰਿਆ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ। ਨੰਗਲ ਹਾਈਡਲ ਨਹਿਰ ਵਿਚ ਪਾਣੀ ਦਾ ਪੱਧਰ 9,000 ਕਿਊਸਿਕ ਅਤੇ ਆਨੰਦਪੁਰ ਹਾਈਡਲ ਨਹਿਰ ਵਿਚ ਪਾਣੀ ਦਾ ਪੱਧਰ 9,000 ਕਿਊਸਿਕ ਹੈ। ਸਤਲੁਜ ਦਰਿਆ ਵਿਚ ਇਸ ਵੇਲੇ 47,000 ਕਿਊਸਿਕ ਪਾਣੀ ਵਗ ਰਿਹਾ ਹੈ।