ਫੱਲੇਵਾਲ ਸਕੂਲ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ‘ਤੇ ਲਾਈਵ ਸ਼ੋਅ ਦਿਖਾਇਆ


ਅਹਿਮਦਗੜ੍ਹ, 25 ਨਵੰਬਰ (ਤੇਜਿੰਦਰ ਬਿੰਜੀ)
ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਫੱਲੇਵਾਲ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ । ਇਸ ਮੌਕੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਤੇ ਲਾਈਵ ਸ਼ੋ ਦਿਖਾਇਆ ਗਿਆ । ਜਿਸ ਵਿੱਚ ਬੱਚਿਆਂ ਨੂੰ ਗੁਰੂ ਜੀ ਦੀ ਮਹਾਨ ਕੁਰਬਾਨੀ ਅਤੇ ਸੱਚ, ਧਰਮ ਤੇ ਇਨਸਾਨੀਅਤ ਲਈ ਉਨ੍ਹਾਂ ਦੇ ਯੋਗਦਾਨ ਬਾਰੇ ਜਾਣੂ ਕਰਵਾਇਆ ਗਿਆ । ਇਸ ਸਮੇਂ ਸਭ ਤੋਂ ਪਹਿਲਾਂ ਸਕੂਲ ਦੇ ਵਿਦਿਆਰਥੀਆਂ ਵਲੋਂ ਧਾਰਮਿਕ ਸ਼ਬਦ ਕੀਰਤਨ ਕੀਤਾ ਗਿਆ । ਜਿਸ ਨਾਲ ਪੂਰਾ ਮਾਹੌਲ ਸ਼ਾਂਤਮਈ ਬਣ ਗਿਆ । ਮੈਡਮ ਅਮਨਦੀਪ ਕੌਰ ਨੇ ਬੱਚਿਆਂ ਨੂੰ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 1675 ਵਿੱਚ ਹਰ ਧਰਮ ਦੀ ਆਜ਼ਾਦੀ ਅਤੇ ਮਨੁੱਖਤਾ ਦੀ ਰੱਖਿਆ ਲਈ ਆਪਣਾ ਸੀਸ ਨਿਛਾਵਰ ਕੀਤਾ, ਇਸ ਕਰਕੇ ਉਨ੍ਹਾਂ ਨੂੰ “ਹਿੰਦ ਦੀ ਚਾਦਰ” ਵੀ ਕਿਹਾ ਜਾਂਦਾ ਹੈ । ਇਸ ਦੌਰਾਨ ਪ੍ਰਿੰਸੀਪਲ ਮੈਡਮ ਦਲਜੀਤ ਕੌਰ ਔਲਖ ਨੇ ਵੀ ਬੱਚਿਆਂ ਨੂੰ ਸੰਦੇਸ਼ ਦਿੱਤਾ ਕਿ ਅਸੀਂ ਗੁਰੂ ਜੀ ਵਾਂਗ ਸੱਚ, ਹਿੰਮਤ ਅਤੇ ਨਿਸ਼ਕਾਮ ਸੇਵਾ ਦੇ ਰਸਤੇ ‘ਤੇ ਤੁਰਨਾ ਚਾਹੀਦਾ ਹੈ । ਇਸ ਮੌਕੇ ਸਕੂਲ ਦੀ ਮੈਨੇਜਮੈਂਟ ਦੇ ਪ੍ਰਧਾਨ ਸੁਖਦੇਵ ਸਿੰਘ ਵਾਲੀਆ, ਐਮ.ਡੀ. ਗੁਰਮਤਪਾਲ ਸਿੰਘ ਵਾਲੀਆ, ਟਰੱਸਟੀ ਮੈਡਮ ਰਮਨਪ੍ਰੀਤ ਕੌਰ ਵਾਲੀਆ ਨੇ ਵਿਦਿਆਰਥੀਆਂ ਨੂੰ ਆਪਣੇ ਸਿੱਖ ਧਰਮ ਨਾਲ ਜੁੜੇ ਰਹਿਣ ਅਤੇ ਆਪਣੇ ਇਤਿਹਾਸ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ । ਅੰਤ ਵਿੱਚ ਦੋ ਮਿੰਟ ਦੀ ਚੁੱਪ ਰੱਖ ਕੇ ਗੁਰੂ ਜੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ । ਇਹ ਸਮਾਗਮ ਸਾਨੂੰ ਯਾਦ ਦਿਵਾਉਂਦਾ ਹੈ ਕਿ ਸੱਚ ਲਈ ਖੜ੍ਹੇ ਰਹਿਣਾ ਅਤੇ ਹੋਰਨਾਂ ਦੀ ਭਲਾਈ ਲਈ ਬਲਿਦਾਨ ਦੇਣਾ ਹੀ ਗੁਰੂ ਸਿੱਖਿਆ ਦਾ ਮੁੱਖ ਮੰਤਵ ਹੈ ।
