OLA-UBER ਵਰਗੀ ਪਹਿਲੀ ਸਰਕਾਰੀ ਕੈਬ ‘ਭਾਰਤ ਟੈਕਸੀ’ ਦੀ ਸ਼ੁਰੂਆਤ


ਡਰਾਈਵਰ ਨੂੰ ਹਰ ਰਾਈਡ ਦੀ ਮਿਲੇਗੀ 100% ਕਮਾਈ
ਨਵੀਂ ਦਿੱਲੀ, 24 ਅਕਤੂਬਰ (ਨਿਊਜ਼ ਟਾਊਨ ਨੈਟਵਰਕ) : ਦੇਸ਼ ਦੀ ਪਹਿਲੀ ਸਹਿਕਾਰੀ ਟੈਕਸੀ ਸੇਵਾ ਦਸੰਬਰ ਵਿੱਚ ਸ਼ੁਰੂ ਹੋ ਰਹੀ ਹੈ। ਇਸਦਾ ਨਾਮ “ਭਾਰਤ ਟੈਕਸੀ” ਰੱਖਿਆ ਗਿਆ ਹੈ। ਦਿੱਲੀ ਵਿੱਚ 650 ਡਰਾਈਵਰਾਂ ਵਾਲਾ ਇੱਕ ਪਾਇਲਟ ਪ੍ਰੋਜੈਕਟ ਨਵੰਬਰ ਵਿੱਚ ਸ਼ੁਰੂ ਹੋਵੇਗਾ। ਫਿਰ ਇਹ ਪ੍ਰੋਜੈਕਟ ਅਗਲੇ ਮਹੀਨੇ ਹੋਰ ਰਾਜਾਂ ਵਿੱਚ ਪਹੁੰਚਾਇਆ ਜਾਵੇਗਾ। ਉਦੋਂ ਤੱਕ 5000 ਡਰਾਈਵਰ ਅਤੇ ਮਹਿਲਾ “ਸਾਰਥੀ” ਸੇਵਾ ਵਿੱਚ ਸ਼ਾਮਲ ਹੋ ਜਾਣਗੀਆਂ। ਵਰਤਮਾਨ ਵਿੱਚ ਓਲਾ ਅਤੇ ਉਬਰ ਵਰਗੀਆਂ ਨਿੱਜੀ ਕੰਪਨੀਆਂ ਟੈਕਸੀ ਸੇਵਾਵਾਂ ਦੀ ਪੇਸ਼ਕਸ਼ ਕਰਦੀਆਂ ਹਨ ਪਰ ਸੁਰੱਖਿਆ ਸਬੰਧੀ ਚਿੰਤਾਵਾਂ ਅਕਸਰ ਉਠਾਈਆਂ ਜਾਂਦੀਆਂ ਰਹੀਆਂ ਹਨ। ਇਸ ਲਈ ਕੇਂਦਰ ਸਰਕਾਰ ਆਪਣੀ ਨਿਯੰਤ੍ਰਿਤ ਟੈਕਸੀ ਸੇਵਾ ਸ਼ੁਰੂ ਕਰ ਰਹੀ ਹੈ। ਭਾਰਤ ਟੈਕਸੀ ਪਹਿਲਾ ਰਾਸ਼ਟਰੀ ਸਹਿਕਾਰੀ ਰਾਈਡ-ਹੇਲਿੰਗ ਪਲੇਟਫਾਰਮ ਹੈ, ਜੋ ਸਹਿਕਾਰਤਾ ਮੰਤਰਾਲੇ ਅਤੇ ਰਾਸ਼ਟਰੀ ਈ-ਗਵਰਨੈਂਸ ਡਿਵੀਜ਼ਨ ਦੁਆਰਾ ਵਿਕਸਤ ਕੀਤਾ ਗਿਆ ਹੈ। ਇਸ ਵਿਚ ਡਰਾਈਵਰ ਵੀ ਸਹਿ-ਮਾਲਕ ਹੋਣਗੇ। ਇਸ ਉਦੇਸ਼ ਲਈ ਹਾਲ ਹੀ ਵਿੱਚ ਸਹਿਕਾਰ ਟੈਕਸੀ ਕੋਆਪਰੇਟਿਵ ਲਿਮਟਿਡ ਨਾਲ ਇੱਕ ਸਮਝੌਤਾ ਪੱਤਰ ‘ਤੇ ਹਸਤਾਖਰ ਕੀਤੇ ਗਏ ਹਨ। ਭਾਰਤ ਟੈਕਸੀ ਦੀ ਐਪ, ਓਲਾ ਅਤੇ ਉਬੇਰ ਵਰਗੀ ਹੀ ਹੋਵੇਗੀ ਅਤੇ ਨਵੰਬਰ ਵਿੱਚ ਐਪ ਸਟੋਰ ਤੋਂ ਡਾਊਨਲੋਡ ਕਰਨ ਲਈ ਉਪਲਬਧ ਵੀ ਹੋਵੇਗੀ। ਐਪ ਹਿੰਦੀ, ਗੁਜਰਾਤੀ, ਮਰਾਠੀ ਅਤੇ ਅੰਗਰੇਜ਼ੀ ਵਿੱਚ ਉਪਲਬਧ ਹੋਵੇਗੀ। ਇਸ ਤੋਂ ਇਲਾਵਾ ਡਰਾਈਵਰ ਨੂੰ ਹਰ ਸਵਾਰੀ ਦੀ ਕਮਾਈ ਦਾ 100% ਮਿਲੇਗਾ। ਉਸਨੂੰ ਸਿਰਫ਼ ਰੋਜ਼ਾਨਾ, ਹਫ਼ਤਾਵਾਰੀ ਜਾਂ ਮਹੀਨਾਵਾਰ ਫੀਸ ਦੇਣੀ ਪਵੇਗੀ, ਜੋ ਕਿ ਬਹੁਤ ਮਾਮੂਲੀ ਹੋਵੇਗੀ। ਇਸ ਵਿਚ ਮਹਿਲਾ ਡਰਾਈਵਰ ਵਜੋਂ ਪਹਿਲੇ ਪੜਾਅ ਵਿੱਚ 100 ਔਰਤਾਂ ਸ਼ਾਮਲ ਹੋਣਗੀਆਂ। 2030 ਤੱਕ ਮਹਿਲਾਵਾਂ ਦੀ ਗਿਣਤੀ 15 ਹਜ਼ਾਰ ਕੀਤੀ ਜਾਵੇਗੀ। ਖ਼ਾਸ ਗੱਲ ਇਹ ਹੈ ਕਿ 15 ਨਵੰਬਰ ਤੋਂ ਮੁਫ਼ਤ ਸਿਖਲਾਈ ਅਤੇ ਵਿਸ਼ੇਸ਼ ਬੀਮਾ ਪ੍ਰਦਾਨ ਕੀਤਾ ਜਾਵੇਗਾ। ਦਸੰਬਰ ਤੋਂ ਮਾਰਚ 2026 ਤੱਕ ਰਾਜਕੋਟ, ਮੁੰਬਈ, ਪੁਣੇ ਵਿੱਚ ਸੇਵਾ ਦਿਤੀ ਜਾਵੇਗੀ। ਇਸ ਦੌਰਾਨ ਡਰਾਈਵਰਾਂ ਦੀ ਗਿਣਤੀ 5 ਹਜ਼ਾਰ ਹੋਵੇਗੀ, ਜਿਸ ਵਿਚ ਮਲਟੀ-ਸਟੇਟ ਓਪਰੇਸ਼ਨ ਵੀ ਹੋਣਗੇ। ਇਸ ਤੋਂ ਬਾਅਦ ਅਪ੍ਰੈਲ ਅਤੇ ਦਸੰਬਰ ਦੇ ਵਿਚਕਾਰ ਲਖਨਊ, ਭੋਪਾਲ, ਜੈਪੁਰ ਵਿੱਚ ਇਸ ਨੂੰ ਸ਼ੁਰੂ ਕੀਤਾ ਜਾਵੇਗਾ। ਇਸ ਦੌਰਾਨ ਡਰਾਈਵਰਾਂ ਦੀ ਗਿਣਤੀ 15 ਹਜ਼ਾਰ ਹੋਵੇਗੀ ਜਦਕਿ 10 ਹਜ਼ਾਰ ਵਾਹਨ ਹੋਣਗੇ। ਇਸ ਤੋਂ ਬਾਅਦ 2027-28 ਵਿੱਚ ਪੂਰੇ ਭਾਰਤ ਵਿੱਚ ਸੇਵਾ 20 ਸ਼ਹਿਰਾਂ ਵਿੱਚ 50 ਹਜ਼ਾਰ ਡਰਾਈਵਰਾਂ ਦੇ ਨਾਲ ਉਪਲਬਧ ਹੋਵੇਗੀ। ਇਸਨੂੰ ਫਾਸਟੈਗ ਨਾਲ ਜੋੜਿਆ ਜਾਵੇਗਾ। ਇਸ ਤੋਂ ਬਾਅਦ 2028-2030 ਵਿਚਕਾਰ ਇੱਕ ਲੱਖ ਡਰਾਈਵਰਾਂ ਦੇ ਨਾਲ ਜ਼ਿਲ੍ਹਾ ਹੈੱਡਕੁਆਰਟਰਾਂ ਅਤੇ ਪਿੰਡਾਂ ਵਿੱਚ ਸੇਵਾ ਸ਼ੁਰੂ ਹੋਵੇਗੀ।
