ਲੰਬੀ ਦੀ ਗੋਲਡ ਮੈਡਲ ਜੇਤੂ ਧੀ ਨੂੰ ਪਿਓ ਨੇ ਕਹੀ ਨਾਲ ਵੱਢਿਆ

18 ਸਾਲ ਦੀ ਚਮਨਪ੍ਰੀਤ ਕੌਰ ਵਜੋਂ ਹੋਈ ਮ੍ਰਿਤਕ ਲੜਕੀ ਦੀ ਪਛਾਣ
ਪੜ੍ਹਾਈ ਜਾਰੀ ਰੱਖਣ ’ਤੇ ਅੜੀ ਹੋਣਹਾਰ ਧੀ ਸੌੜੀ ਸੋਚ ਦੀ ਭੇਟ ਚੜ੍ਹੀ

ਸ੍ਰੀ ਮੁਕਤਸਰ ਸਾਹਿਬ, 4 ਜਨਵਰੀ (ਨਿਊਜ਼ ਟਾਊਨ ਨੈਟਵਰਕ) : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਲੰਬੀ ਹਲਕੇ ਦੇ ਪਿੰਡ ਮਿੱਡਾ ਵਿਖੇ ਇਕ ਪਿਓ ਨੇ ਆਪਣੀ 18 ਸਾਲ ਦੀ ਨੌਜਵਾਨ ਧੀ ਚਮਨਪ੍ਰੀਤ ਕੌਰ ਦਾ ਕਹੀ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਲੜਕੀ ਮੋਹਾਲੀ ਵਿਖੇ ਪੜ੍ਹਾਈ ਕਰਦੀ ਸੀ ਜੋਕਿ ਪਿੰਡ ਮਿੱਡਾ ਵਿਖੇ ਆਈ ਹੋਈ ਸੀ। ਅੱਜ ਸਵੇਰੇ ਕਰੀਬ 6 ਵਜੇ ਪਿਤਾ ਨੇ ਆਪਣੇ ਘਰ ’ਚ ਲੜਕੀ ਦਾ ਕਹੀ ਮਾਰ ਕੇ ਕਤਲ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਤੋਂ ਬਾਅਦ ਇਲਾਕੇ ਵਿਚ ਸੋਗ ਅਤੇ ਸਹਿਮ ਦਾ ਮਾਹੌਲ ਹੈ। ਵਾਰਦਾਤ ਦਾ ਪਤਾ ਲਗਦਿਆਂ ਹੀ ਮੌਕੇ ’ਤੇ ਪੁੱਜੇ ਡੀਐਸਪੀ ਲੰਬੀ ਅਤੇ ਥਾਣਾ ਕਬਰਵਾਲਾ ਪੁਲਿਸ ਵੱਲੋਂ ਲਾਸ਼ ਨੂੰ ਕਬਜੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ। ਜਾਣਕਾਰੀ ਮੁਤਾਬਕ ਘਟਨਾ ਸਮੇਂ ਲੜਕੀ ਆਪਣੇ ਘਰ ਦੇ ਕਮਰੇ ਵਿਚ ਬੈੱਡ ‘ਤੇ ਸੁੱਤੀ ਹੋਈ ਸੀ। ਇਸ ਦੌਰਾਨ ਉਸ ਦੇ ਪਿਤਾ ਪਾਲਾ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਪਿਤਾ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ’ਤੇ ਪੁੱਜ ਗਈ। ਡੀਐਸਪੀ ਲੰਬੀ ਹਰਬੰਸ ਸਿੰਘ ਅਤੇ ਥਾਣਾ ਕਬਰਵਾਲਾ ਦੀ ਮੁੱਖੀ ਹਰਪ੍ਰੀਤ ਕੌਰ ਨੇ ਮੌਕੇ ’ਤੇ ਪਹੁੰਚ ਕੇ ਚਮਨਪ੍ਰੀਤ ਕੌਰ ਦੀ ਮਾਤਾ ਦੇ ਬਿਆਨਾਂ ’ਤੇ ਪਰਚਾ ਦਰਜ ਕਰ ਦਿੱਤਾ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਵਾਸਤੇ ਹਸਪਤਾਲ ਭੇਜ ਦਿੱਤਾ ਹੈ। ਦੱਸਣਯੋਗ ਹੈ ਕਿ ਪਿਓ ਹਰਪਾਲ ਸਿੰਘ ਜੋ ਕਿ 28 ਕਿਲੇ ਜ਼ਮੀਨ ਦਾ ਮਾਲਕ ਹੈ ਤੇ ਉਸਦੀ ਬੇਟੀ ਚਮਨਦੀਪ ਕੌਰ ਮੋਹਾਲੀ ਵਿਖੇ ਬੀਕਾਮ ਦੀ ਪੜ੍ਹਾਈ ਕਰਦੀ ਸੀ ਜੋ ਉੱਥੇ ਇਕ ਪੀਜੀ ’ਚ ਰਹਿੰਦੀ ਸੀ। ਬਾਪ ਨਹੀਂ ਚਾਹੁੰਦਾ ਸੀ ਕਿ ਧੀ ਪੜ੍ਹਾਈ ਜਾਰੀ ਰੱਖੇ ਕਿਉਂਕਿ ਬਾਪ ਸੌੜੀ ਸੋਚ ਦਾ ਮਾਲਕ ਅਤੇ ਜ਼ਮਾਨੇ ਤੋਂ ਡਰਦਾ ਸੀ ਪਰ ਧੀ ਅਤੇ ਉਸਦੀ ਮਾਤਾ ਪੜ੍ਹਾਈ ਜਾਰੀ ਰੱਖਣ ਦੇ ਹੱਕ ’ਚ ਸਨ। ਪਿੰਡ ਵਾਲਿਆਂ ਦੇ ਬਿਆਨਾਂ ਮੁਤਾਬਿਕ ਚਮਨਪ੍ਰੀਤ ਕੌਰ ਬਹੁਤ ਹੀ ਸਿਆਣੀ ਤੇ ਸੁਘੜ ਵਿਚਾਰਾਂ ਵਾਲੀ ਲੜਕੀ ਸੀ ਅਤੇ ਪੜ੍ਹਾਈ ’ਚ ਵੀ ਬਹੁਤ ਜ਼ਿਆਦਾ ਹੁਸ਼ਿਆਰ ਸੀ ਤੇ ਵੇਟ ਲਿਫਟਿੰਗ ’ਚ ਵੀ ਉਸਨੇ ਗੋਲਡ ਮੈਡਲ ਪ੍ਰਾਪਤ ਕੀਤਾ ਸੀ।
