ਖਰੜ ਨਗਰ ਕੌਂਸਲ ਕਰਮਚਾਰੀਆਂ ਦੀ ਹੜਤਾਲ ਖ਼ਤਮ


ਨਗਰ ਕੌਂਸਲ ਪ੍ਰਧਾਨ ਅਤੇ ਕਰਮਚਾਰੀਆਂ ‘ਚ ਬਣੀ ਸਹਿਮਤੀ
ਖਰੜ, 6 ਅਗੱਸਤ (ਸੁਮਿਤ ਭਾਖੜੀ) : ਬੀਤੀ 4 ਅਗਸਤ ਦੀ ਦੁਪਹਿਰ ਨੂੰ ਖਰੜ ਨਗਰ ਕੌਂਸਲ ਕਰਮਚਾਰੀਆਂ ਨੇ ਨਗਰ ਕੌਂਸਲ ਪ੍ਰਧਾਨ ਬੀਬੀ ਅੰਜੂ ਚੰਦਰ ਵਲੋਂ ਜਾਰੀ ਕੀਤੇ ਗਏ ਇਕ ਪੱਤਰ ਦੇ ਵਿਰੋਧ ‘ਚ ਧਰਨਾ ਦਿਤਾ ਸੀ ਅਤੇ ਇਸ ਮਗਰੋਂ ਪੂਰੇ ਸ਼ਹਿਰ ਚ ਕਰਮਚਾਰੀਆਂ ਵਲੋਂ ਹੜਤਾਲ ਕਰ ਦਿਤੀ ਗਈ ਸੀ।ਜਿਸ ਦੇ ਚਲਦਿਆਂ ਅੱਜ ਨਗਰ ਕੌਂਸਲ ਪ੍ਰਧਾਨ ਅਤੇ ਕਰਮਚਾਰੀਆਂ ਚ ਬਣੀ ਆਪਸੀ ਸਹਿਮਤੀ ਮਗਰੋਂ ਇਹ ਹੜਤਾਲ ਅਤੇ ਧਰਨਾ ਸਮਾਪਤ ਹੋ ਗਿਆ। ਨਗਰ ਕੌਂਸਲ ਦੀ ਪ੍ਰਧਾਨ ਅੰਜੂ ਚੰਦਰ ਨੇ ਦੱਸਿਆ ਕਿ ਸ਼ਹਿਰ ਵਿਚ ਵਿਕਾਸ ਕਾਰਜ ਹੌਲੀ-ਹੌਲੀ ਚੱਲ ਰਹੇ ਹਨ, ਜੇਕਰ ਯੂਨੀਅਨ ਨੂੰ ਮੇਰੇ ਕਿਸੇ ਵੀ ਫੈਸਲੇ ਨਾਲ ਕੋਈ ਸਮੱਸਿਆ ਹੈ ਤਾਂ ਉਹ ਦਿਤੇ ਗਏ ਹੁਕਮ ਵਾਪਸ ਲੈ ਲੈਣਗੇ ਕਿਉਂਕਿ ਸ਼ਹਿਰ ਪਹਿਲਾਂ ਆਉਂਦਾ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਦੇ ਸਾਰੇ ਮੈਂਬਰ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਨ ਜੋ ਖਰੜ ਵਿਚ ਵਿਕਾਸ ਕਾਰਜ ਕਰਨ ਲਈ ਇਕੱਠੇ ਹੋਏ ਹਨ। ਇਸ ਮੌਕੇ ਨਗਰ ਕੌਂਸਲ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਅਮਿਤ ਕੁਮਾਰ ਨੇ ਦੱਸਿਆ ਕਿ ਸਾਡੀ ਯੂਨੀਅਨ ਦੇ ਮੈਂਬਰ ਪਹਿਲਾਂ ਵਾਂਗ ਆਪਣੇ ਕੰਮ ‘ਤੇ ਵਾਪਸ ਆ ਰਹੇ ਹਨ। ਇਸ ਮੌਕੇ ਹਰਪ੍ਰੀਤ ਸਿੰਘ ਖਟੜਾ, ਜੀ.ਐਮ. ਸਿੰਘ, ਅੰਗਰੇਜ਼ ਸਿੰਘ, ਰਣਜੀਤ ਸਿੰਘ, ਵਿਕਰਮ ਭੁੱਲਰ, ਵਿਕਰਮ ਕੁਮਾਰ, ਮੁਕੇਸ਼ ਕੁਮਾਰ ਅਤੇ ਹੋਰ ਕਰਮਚਾਰੀ ਮੌਜੂਦ ਸਨ।