ਖ਼ਾਲਿਸਤਾਨੀ ਪੰਨੂ ਵਲੋਂ 15 ਅਗਸਤ ਨੂੰ ਵੱਡੀ ਕਾਰਵਾਈ ਕਰਨ ਦਾ ਐਲਾਨ


ਵਾਸ਼ਿੰਗਟਨ, 21 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਖਾਲਿਸਤਾਨੀਆਂ ਨੇ 15 ਅਗਸਤ ਨੂੰ ਵੱਡੇ ਐਕਸ਼ਨ ਦਾ ਐਲਾਨ ਕੀਤਾ ਹੈ। ਭਾਰਤ ਅੰਦਰ ਪਾਬੰਦੀਸ਼ੁਦਾ ਸੰਗਠਨ ‘ਸਿੱਖਸ ਫਾਰ ਜਸਟਿਸ’ ਦੇ ਨੇਤਾ ਗੁਰਪਤਵੰਤ ਸਿੰਘ ਪੰਨੂ ਨੇ 15 ਅਗਸਤ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿਚ ਭਾਰਤੀ ਦੂਤਾਵਾਸ ਦੇ ਬਾਹਰ ਖਾਲਿਸਤਾਨ ਆਜ਼ਾਦੀ ਰੈਲੀ ਕਰਨ ਦਾ ਐਲਾਨ ਕੀਤਾ ਹੈ। ਇਸ ਬਾਰੇ ਪੰਨੂ ਨੇ ਬਾਕਾਇਦਾ ਵੀਡੀਓ ਜਾਰੀ ਕਰਕੇ ਭਾਰਤ ਸਰਕਾਰ ਨੂੰ ਚੈਲੰਜ ਕੀਤਾ ਹੈ। ਹਾਲਾਂਕਿ ਇਸ ਮਗਰੋਂ ਭਾਰਤੀ ਏਜੰਸੀਆਂ ਅਲਰਟ ਹੋ ਗਈਆਂ ਹਨ।
ਪੰਨੂ ਵਲੋਂ ਜਾਰੀ ਵੀਡੀਓ ਵਿਚ ਤਿਰੰਗਾ ਸਾੜਨ ਦੀ ਧਮਕੀ ਦਿੰਦੇ ਹੋਏ ਭਾਰਤ ਸਰਕਾਰ ਨੂੰ ਖੁੱਲ੍ਹੀ ਚੁਣੌਤੀ ਦਿਤੀ ਗਈ ਹੈ। ਵੀਡੀਓ ਵਿਚ ਉਨ੍ਹਾਂ ਨੇ 15 ਅਗਸਤ ਨੂੰ ਤਿਰੰਗਾ ਸਾੜੋ ਪ੍ਰੋਗਰਾਮ ਬਾਰੇ ਗੱਲ ਕੀਤੀ ਹੈ। ਖਾਸ ਗੱਲ ਇਹ ਹੈ ਕਿ ਵੀਡੀਓ ਵਿਚ ਪੰਨੂ ਨੂੰ ਤਿਰੰਗਾ ਸਾੜਦੇ ਹੋਏ ਵੀ ਦੇਖਿਆ ਜਾ ਰਿਹਾ ਹੈ। ਪੰਨੂ ਨੇ ਐਲਾਨ ਕੀਤਾ ਕਿ 15 ਅਗਸਤ ਤੋਂ ਦੋ ਦਿਨ ਬਾਅਦ 17 ਅਗਸਤ ਨੂੰ ਵਾਸ਼ਿੰਗਟਨ ਵਿਚ ਖਾਲਿਸਤਾਨ ਰਾਏਸ਼ੁਮਾਰੀ ਕਰਵਾਈ ਜਾਵੇਗੀ। ਇਸ ਲਈ ਅਮਰੀਕਾ ਤੇ ਕੈਨੇਡਾ ਤੋਂ ਖਾਲਿਸਤਾਨੀ ਸਮਰਥਕਾਂ ਨੂੰ ਇਕੱਠਾ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਗੁਰਪਤਵੰਤ ਸਿੰਘ ਪੰਨੂ ਮੂਲ ਰੂਪ ਵਿਚ ਪੰਜਾਬ ਦੇ ਅੰਮ੍ਰਿਤਸਰ ਦੇ ਖਾਨਕੋਟ ਦਾ ਰਹਿਣ ਵਾਲਾ ਹੈ। ਉਹ ਇਸ ਸਮੇਂ ਅਮਰੀਕਾ ਵਿਚ ਰਹਿੰਦਾ ਹੈ ਤੇ ਸਿੱਖ ਫਾਰ ਜਸਟਿਸ ਨਾਮਕ ਇਕ ਸੰਸਥਾ ਚਲਾਉਂਦਾ ਹੈ। ਉਸ ਕੋਲ ਅਮਰੀਕਾ ਤੇ ਕੈਨੇਡਾ ਦੋਵਾਂ ਦੀ ਨਾਗਰਿਕਤਾ ਹੈ। ਭਾਰਤ ਸਰਕਾਰ ਨੇ 2019 ਵਿਚ ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਕਾਨੂੰਨ ਤਹਿਤ ਪੰਨੂ ਦੇ ਸੰਗਠਨ ਐਸਐਫ਼ਜੇ ‘ਤੇ ਪਾਬੰਦੀ ਲਗਾ ਦਿਤੀ ਸੀ। ਪੰਨੂ ‘ਤੇ 2020 ਵਿਚ ਵੱਖਵਾਦ ਨੂੰ ਉਤਸ਼ਾਹਿਤ ਕਰਨ ਤੇ ਪੰਜਾਬੀ ਸਿੱਖ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਉਕਸਾਉਣ ਦਾ ਦੋਸ਼ ਲਗਾਇਆ ਗਿਆ ਸੀ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ 1 ਜੁਲਾਈ 2020 ਨੂੰ ਪੰਨੂ ਨੂੰ ਯੂਏਪੀਏ ਤਹਿਤ ਅੱਤਵਾਦੀ ਘੋਸ਼ਿਤ ਕੀਤਾ ਸੀ। ਹਾਲਾਂਕਿ ਐਫ਼ਬੀਆਈ ਦੀ ਚਾਰਜਸ਼ੀਟ ਵਿਚ ਇਸ ਦਾ ਕੋਈ ਜ਼ਿਕਰ ਨਹੀਂ ਹੈ।