ਕੈਨੇਡਾ ਵਿਚ ਖੁੱਲ੍ਹਿਆ ‘ਖ਼ਾਲਿਸਤਾਨ ਦੂਤਾਵਾਸ’, ਰਿਪਬਲਿਕ ਆਫ਼ ਖ਼ਾਲਿਸਤਾਨ ਰੱਖਿਆ ਨਾਮ

0
Screenshot 2025-08-05 172642

ਸਰੀ, 5 ਅਗੱਸਤ (ਨਿਊਜ਼ ਟਾਊਨ ਨੈਟਵਰਕ) : ਖ਼ਾਲਿਸਤਾਨ ਪੱਖੀ ਸੰਗਠਨ SFJ ਨੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿਚ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਕੰਪਲੈਕਸ ਵਿਚ ‘ਰਿਪਬਲਿਕ ਆਫ਼ ਖ਼ਾਲਿਸਤਾਨ’ ਦਾ ਦੂਤਾਵਾਸ ਖੋਲ੍ਹਣ ਦਾ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਇਮਾਰਤ ਕੈਨੇਡੀਅਨ ਸਰਕਾਰ ਦੇ ਫੰਡਾਂ ਨਾਲ ਬਣਾਈ ਗਈ ਸੀ ਅਤੇ ਹਾਲ ਹੀ ਵਿਚ 1.5 ਲੱਖ ਡਾਲਰ ਦੀ ਲਾਗਤ ਨਾਲ ਇਸ ਵਿਚ ਇਕ ਲਿਫਟ ਵੀ ਲਗਾਈ ਗਈ ਹੈ। ਹੁਣ ਇਸ ਇਮਾਰਤ ‘ਤੇ ‘ਰਿਪਬਲਿਕ ਆਫ਼ ਖ਼ਾਲਿਸਤਾਨ’ ਦਾ ਬੋਰਡ ਲਗਾਇਆ ਗਿਆ ਹੈ। ਇਸ ਇਮਾਰਤ ਨੂੰ ਪਹਿਲਾਂ ਸਥਾਨਕ ਸਿੱਖ ਭਾਈਚਾਰੇ ਲਈ ਇਕ ਕਮਿਊਨਿਟੀ ਸੈਂਟਰ ਵਜੋਂ ਵਰਤਿਆ ਜਾਂਦਾ ਸੀ। ਹੁਣ ਖਾਲਿਸਤਾਨ ਪੱਖੀ ਗਤੀਵਿਧੀਆਂ ਵਿਚ ਇਸਦੀ ਵਰਤੋਂ ਭਾਰਤ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ। ਇਸ ਕਦਮ ਨਾਲ ਭਾਰਤ ਅਤੇ ਕੈਨੇਡਾ ਵਿਚਕਾਰ ਪਹਿਲਾਂ ਤੋਂ ਹੀ ਤਣਾਅਪੂਰਨ ਸਬੰਧ ਹੋਰ ਵਿਗੜ ਸਕਦੇ ਹਨ। ਜ਼ਿਕਰਯੋਗ ਹੈ ਕਿ ਸਤੰਬਰ 2023 ਵਿਚ ਹਰਦੀਪ ਸਿੰਘ ਨਿੱਝਰ ਦੇ ਕਤਲ ਸਬੰਧੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਭਾਰਤ ‘ਤੇ ਲਗਾਏ ਗਏ ਦੋਸ਼ਾਂ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਪਹਿਲਾਂ ਹੀ ਤਣਾਅ ਸੀ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਸਾਫ਼-ਸਾਫ਼ ਰੱਦ ਕਰ ਦਿਤਾ ਅਤੇ ਕੈਨੇਡਾ ਵਿਚ ਆਪਣੇ ਕੂਟਨੀਤਕ ਸਟਾਫ਼ ਦੀ ਗਿਣਤੀ ਵੀ ਘਟਾ ਦਿਤੀ ਸੀ। ਹੁਣ ਕੈਨੇਡਾ ਦੇ ਸਰੀ ਸ਼ਹਿਰ ਵਿਚ ‘ਰਿਪਬਲਿਕ ਆਫ਼ ਖ਼ਾਲਿਸਤਾਨ’ ਦੇ ਕਥਿਤ ਦੂਤਾਵਾਸ ਦੇ ਖੁੱਲ੍ਹਣ ਨਾਲ ਸਥਿਤੀ ਹੋਰ ਗੰਭੀਰ ਹੋ ਗਈ ਹੈ। ਭਾਰਤ ਲੰਬੇ ਸਮੇਂ ਤੋਂ ਕੈਨੇਡਾ ‘ਤੇ ਖ਼ਾਲਿਸਤਾਨੀ ਸੰਗਠਨਾਂ ਦਾ ਸਮਰਥਨ ਕਰਨ ਦਾ ਦੋਸ਼ ਲਗਾ ਰਿਹਾ ਹੈ। ਸੂਤਰਾਂ ਅਨੁਸਾਰ ਭਾਰਤੀ ਵਿਦੇਸ਼ ਮੰਤਰਾਲਾ ਛੇਤੀ ਹੀ ਇਸ ‘ਤੇ ਸਖ਼ਤ ਕਾਰਵਾਈ ਕਰ ਸਕਦਾ ਹੈ। ਭਾਰਤ ਕੈਨੇਡਾ ਤੋਂ ਇਸ ਦੂਤਾਵਾਸ ਨੂੰ ਹਟਾਉਣ ਅਤੇ SFJ ਵਰਗੀਆਂ ਗਤੀਵਿਧੀਆਂ ‘ਤੇ ਪਾਬੰਦੀ ਲਗਾਉਣ ਦੀ ਮੰਗ ਕਰ ਸਕਦਾ ਹੈ। ਮਾਹਿਰਾਂ ਮੁਤਾਬਕ ਇਹ ਮੁੱਦਾ ਹੁਣ ਭਾਰਤ ਦੀ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ ਅਤੇ ਇਸਨੂੰ ਅੰਤਰਰਾਸ਼ਟਰੀ ਮੰਚਾਂ ‘ਤੇ ਲਿਜਾਇਆ ਜਾ ਸਕਦਾ ਹੈ।

Leave a Reply

Your email address will not be published. Required fields are marked *