ਪੰਜਾਬ ’ਚ ਫਿਰੌਤੀਆਂ ਤੇ ਮਿੱਥ ਕੇ ਕਤਲ ਕਰਨ ਦੇ ਮਾਮਲਿਆਂ ’ਚ ਵਾਧੇ ਲਈ ਕੇਜਰੀਵਾਲ ਜ਼ਿੰਮੇਵਾਰ : ਸੁਖਬੀਰ ਸਿੰਘ ਬਾਦਲ


ਗੈਂਗਸਟਰਾਂ ਦੀਆਂ ਗੋਲੀਆਂ ਨਾਲ ਜ਼ਖ਼ਮੀ ਹੋਏ ਡਾ. ਅਨਿਲਜੀਤ ਸਿੰਘ ਕੰਬੋਜ ਨਾਲ ਕੀਤੀ ਮੁਲਾਕਾਤ, ਹਾਲ-ਚਾਲ ਪੁੱਛਿਆ
ਆਪ ਸਰਕਾਰ ਦੀ ਜ਼ਮੀਨ ’ਹੜੱਪਣ’ ਦੀ ਸਕੀਮ ਵਿਰੁਧ ਪਾਰਟੀ ਵਲੋਂ 15 ਨੂੰ ਕੀਤੀ ਜਾਣ ਵਾਲੀ ਕਾਨਫ਼ਰੰਸ ਸਬੰਧੀ ਜਗਰਾਉਂ ਤੇ ਲੁਧਿਆਣਾ ਵਿਚ ਵੀ ਕੀਤੀਆਂ ਮੀਟਿੰਗਾਂ

(ਅਮਜਦ ਖ਼ਾਨ)
ਮੋਗਾ, 11 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਅਤੇ ਇਸ ਦੇ ਸਰੋਤਾਂ ਦੀ ਲੁੱਟ ਰੋਕਣ ਵਾਸਤੇ ਇਕਜੁਟ ਹੋਣ। ਸ. ਬਾਦਲ ਨੇ ਪੰਜਾਬ ਵਿਚ ਕਾਨੂੰਨ-ਵਿਵਸਥਾ ਦੇ ਢਹਿ-ਢੇਰੀ ਹੋਣ ਅਤੇ ਫਿਰੌਤੀਆਂ ਤੇ ਮਿੱਥ ਕੇ ਕਤਲ ਕਰਨ ਦੇ ਮਾਮਲਿਆਂ ਵਿਚ ਚੋਖੇ ਵਾਧੇ ਲਈ ਆਪ ਕਨਵੀਨਰ ਕੇਜਰੀਵਾਲ ਨੂੰ ਜ਼ਿੰਮੇਵਾਰ ਠਹਿਰਾਇਆ। ਅਕਾਲੀ ਦਲ ਦੇ ਪ੍ਰਧਾਨ ਨੇ ਇਥੇ ਡਾ. ਅਨਿਲਜੀਤ ਸਿੰਘ ਕੰਬੋਜ ਜੋ ਗੈਂਗਸਟਰਾਂ ਦੀ ਗੋਲੀਬਾਰੀ ਵਿਚ ਗੰਭੀਰ ਜ਼ਖ਼ਮੀ ਹੋ ਗਏ, ਦਾ ਹਾਲ-ਚਾਲ ਪੁੱਛਣ ਲਈ ਉਹਨਾਂ ਨਾਲ ਮੁਲਾਕਾਤ ਕੀਤੀ। ਡਾ. ਕੰਬੋਜ ਨੇ ਫਿਰੌਤੀਆਂ ਦੀਆਂ ਧਮਕੀਆਂ ਤੋਂ ਡਰਨ ਤੋਂ ਇਨਕਾਰ ਕਰ ਦਿਤਾ ਸੀ। ਡਾ. ਕੰਬੋਜ ਜੋ ਪੰਜਾਬੀ ਫ਼ਿਲਮੀ ਅਦਾਕਾਰਾ ਤਾਨੀਆ ਦੇ ਪਿਤਾ ਹਨ, ਦਾ ਇਥੇ ਇਕ ਹਸਪਤਾਲ ਵਿਚ ਇਲਾਜ ਚਲ ਰਿਹਾ ਹੈ। ਸ. ਬਾਦਲ ਨੇ ਡਾ. ਕੰਬੋਜ ਦਾ ਹਾਲ-ਚਾਲ ਪੁਛਦਿਆਂ ਉਹਨਾਂ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ ਉਹਨਾਂ ਦੇ ਨਾਲ ਹੈ ਅਤੇ ਉਹਨਾਂ ਲਈ ਨਿਆਂ ਹਾਸਲ ਕਰਨ ਵਾਸਤੇ ਹਰ ਸਮੇਂ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੋਵੇਗਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬੀ ਕਾਨੂੰਨ ਹੀਣਤਾ ਭੋਗ ਰਹੇ ਹਨ ਜਦਕਿ ਕੇਜਰੀਵਾਲ ਅਸਿੱਧੇ ਤੌਰ ’ਤੇ ਸੂਬਾ ਚਲਾ ਰਹੇ ਹਨ ਤੇ ਸਿਰਫ਼ ਪੈਸੇ ਇਕੱਠੇ ਕਰਨ ਵਿਚ ਦਿਲਚਸਪੀ ਰੱਖਦਾ ਹੈ। ਉਹਨਾਂ ਕਿਹਾ ਕਿ ਮਿੱਥ ਕੇ ਕਤਲ ਕਰਨ ਦੇ ਮਾਮਲਿਆਂ ਵਿਚ ਚੋਖਾ ਵਾਧਾ ਹੋ ਗਿਆ ਹੈ ਤੇ ਪ੍ਰਸਿੱਧ ਵਪਾਰੀ ਸੰਜੇ ਵਰਮਾ ਦਾ ਅਬੋਹਰ ਵਿਚ ਕਤਲ ਕਰ ਦਿਤਾ ਗਿਆ। ਉਹਨਾਂ ਕਿਹਾ ਕਿ ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ ਪ੍ਰਮੁੱਖ ਵਪਾਰੀਆਂ ਨੇ ਹੋਰ ਰਾਜਾਂ ਵਿਚ ਨਿਵੇਸ਼ ਕਰਨਾ ਸ਼ੁਰੂ ਕਰ ਦਿਤਾ ਹੈ ਤੇ ਅਨੇਕਾਂ ਹੋਰ ਦਹਿਸ਼ਤ ਦੇ ਮਾਹੌਲ ਵਿਚ ਰਹਿ ਰਹੇ ਹਨ ਕਿਉਂਕਿ ਉਹਨਾਂ ਨੂੰ ਉਹਨਾਂ ਦੀ ਜਾਨ-ਮਾਲ ਦੀ ਰਾਖੀ ਲਈ ਸਰਕਾਰ ’ਤੇ ਕੋਈ ਭਰੋਸਾ ਨਹੀਂ ਹੈ। ਸ. ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਦੀ ਹਮਾਇਤ ਕਰਨ ਅਤੇ ਕਿਹਾ ਕਿ ਅਕਾਲੀ ਦਲ ਦੀਆਂ ਸਰਕਾਰਾਂ ਦਾ ਕਾਨੂੰਨ ਵਿਵਸਥਾ ਕਾਇਮ ਰੱਖਣ ਦਾ ਇਕ ਰਿਕਾਰਡ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਸ਼ਾਂਤੀ ਤੇ ਆਪਸੀ ਭਾਈਚਾਰੇ ਦਾ ਮੁੱਦਈ ਰਿਹਾ ਹੈ ਤੇ ਅਸੀਂ ਆਪਣੀਆਂ ਸਰਕਾਰਾਂ ਵੇਲੇ ਇਹ ਸੱਚਾਈ ਸਾਬਤ ਵੀ ਕਰ ਕੇ ਵਿਖਾਈ। ਉਹਨਾਂ ਕਿਹਾ ਕਿ ਹਾਲਾਤ ਇਸ ਕਦਰ ਵਿਗੜ ਗਏ ਹਨ ਤੇ ਇੰਨਾ ਹੇਠਾਂ ਡਿੱਗ ਗਏ ਹਨ ਕਿ ਪੰਜਾਬ ਨੂੰ ਦਿੱਲੀ ਤੋਂ ਰਿਮੋਰਟ ਨਾਲ ਚਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦਿੱਲੀ ਵਾਲਿਆਂ ਨੂੰ ਪੰਜਾਬੀਆਂ ਦੀ ਭਲਾਈ ਵਿਚ ਕੋਈ ਦਿਲਚਸਪੀ ਨਹੀਂ ਹੈ ਤੇ ਉਹ ਤਾਂ ਸਿਰਫ਼ ਸੂਬੇ ਨੂੰ ਲੁੱਟਣ ’ਤੇ ਲੱਗੇ ਹਨ। ਇਸ ਮੌਕੇ ਸੀਨੀਅਰ ਆਗੂ ਸੰਜੀਤ ਸਿੰਘ ਸੰਨੀ ਗਿੱਲ ਵੀ ਹਾਜ਼ਰ ਸਨ। ਬਾਅਦ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਆਪ ਸਰਕਾਰ ਦੀ ਜ਼ਮੀਨ ’ਹੜੱਪਣ’ ਦੀ ਸਕੀਮ ਜਿਸ ਤਹਿਤ ਉਹ ਲੁਧਿਆਣਾ ਸ਼ਹਿਰ ਵਿਚ ਲੈਂਡ ਪੂਲਿੰਗ ਦੇ ਨਾਂ ’ਤੇ 24 ਹਜ਼ਾਰ ਏਕੜ ਜ਼ਮੀਨ ਹੜੱਪ ਕਰਨਾ ਚਾਹੁੰਦੀ ਹੈ, ਦੇ ਖਿਲਾਫ 15 ਜੁਲਾਈ ਨੂੰ ਕੀਤੀ ਜਾ ਰਹੀ ਕਾਨਫਰੰਸ ਦੇ ਸੰਬੰਧ ਵਿਚ ਜਗਰਾਉਂ ਤੇ ਲੁਧਿਆਣਾ ਵਿਚ ਮੀਟਿੰਗਾਂ ਵੀ ਕੀਤੀਆਂ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਗਰਾਉਂ ਤੇ ਲੁਧਿਆਣਾ ਇਕਾਈਆਂ ਨੇ ਉਹਨਾਂ ਨੂੰ ਦੱਸਿਆ ਹੈ ਕਿ ਉਹ ਕਦੇ ਵੀ ਆਪ ਸਰਕਾਰ ਵਲੋਂ 24 ਹਜ਼ਾਰ ਏਕੜ ਉਪਜਾਊ ਜ਼ਮੀਨ ਦਿੱਲੀ ਦੇ ਵਪਾਰੀਆਂ ਨੂੰ ਸੌਂਪਣ ਦੇ ਮਾੜੇ ਮਨਸੂਬਿਆਂ ਨੂੰ ਕਿਸੇ ਵੀ ਕੀਮਤ ’ਤੇ ਸਫ਼ਲ ਨਹੀਂ ਹੋਣ ਦੇਣਗੇ। ਉਹਨਾਂ ਕਿਹਾ ਕਿ ਅਸੀਂ ਇਕ ਇੰਚ ਵੀ ਜ਼ਮੀਨ ਐਕਵਾਇਰ ਨਹੀਂ ਕਰਨ ਦਿਆਂਗੇ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਪ੍ਰਭਾਵਤ ਕਿਸਾਨਾਂ ਨੇ ਮਹਿਸੂਸ ਕਰ ਲਿਆ ਹੈ ਕਿ ਉਹਨਾਂ ਦੀ ਉਪਜਾਊ ਜ਼ਮੀਨ ਧੱਕੇ ਨਾਲ ਇਕ ਪੁਰਾਣੇ ਕਾਨੂੰਨ ਤਹਿਤ ਕੌਡੀਆਂ ਦੇ ਭਾਅ ਐਕਵਾਇਰ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਇਸ ਵਿਰੁਧ ਅਕਾਲੀ ਦਲ ਦੀ ਮੁਹਿੰਮ ਦੀ ਪਹਿਲ-ਕਦਮੀ ਦੀ ਹਮਾਇਤ ਕੀਤੀ ਹੈ। ਇਸ ਮੌਕੇ ਸੀਨੀਅਰ ਆਗੂ ਸੰਨੀ ਗਿੱਲ, ਐਸ.ਆਰ.ਕਲੇਰ, ਰਣਜੀਤ ਸਿੰਘ ਢਿੱਲੋਂ, ਹੀਰਾ ਸਿੰਘ ਗਾਬੜੀਆ, ਹਰੀਸ਼ਰਾਏ ਢੰਡਾ, ਪਰਮਜੀਤ ਸਿੰਘ ਢਿੱਲੋਂ, ਗੁਰਚਰਨ ਸਿੰਘ ਗਰੇਵਾਲ, ਪਰਉਪਕਾਰ ਸਿੰਘ ਘੁੰਮਣ, ਕਮਲ ਚੈਤਲੀ, ਆਰ ਡੀ ਸ਼ਰਮਾ, ਯਾਦਵਿੰਦਰ ਯਾਦੂ, ਜਸਪਾਲ ਗਿਆਸਪੁਰੀਆ, ਰਘੁਬੀਰ ਸਿੰਘ ਸਹਾਰਨਮਜਰਾ ਅਤੇ ਬਾਬਾ ਅਜੀਤ ਸਿੰਘ.ਵੀ ਮੀਟਿੰਗਾਂ ਵਿਚ ਹਾਜ਼ਰ ਸਨ।
