ਕਪੂਰਥਲਾ ਦੇ ਵਿਅਕਤੀ ਦੀ ਇੰਗਲੈਂਡ ’ਚ ਮੌਤ, ਪੰਜਾਬ ਲਿਆਂਦੀ ਗਈ ਦੇਹ


ਕਪੂਰਥਲਾ, 12 ਜੂਨ (ਨਿਊਜ਼ ਟਾਊਨ ਨੈੱਟਵਰਕ) : ਕਪੂਰਥਲਾ ਦੇ ਇਕ ਵਿਅਕਤੀ ਦੀ ਇੰਗਲੈਂਡ ਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਵਰਿੰਦਰ ਸਿੰਘ (45) ਪੁੱਤਰ ਤਰਸੇਮ ਸਿੰਘ ਵਾਸੀ ਮੁਹੱਲਾ ਮਹਿਰੀਆਂ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ। ਜੋ ਕਿ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਵਰਿੰਦਰ ਸਿੰਘ ਇੱਕ ਮੱਧ ਵਰਗੀ ਪਰਿਵਾਰ ਦੇ ਨਾਲ ਸਬੰਧਿਤ ਸੀ ਅਤੇ ਮਿਹਨਤ ਕਸ਼ ਕਿਸ ਕਿਸਮ ਦਾ ਵਿਅਕਤੀ ਸੀ। ਉਹ ਕਰੀਬ 15 ਸਾਲ ਤੋਂ ਇੰਗਲੈਂਡ ਦੇ ਸ਼ਹਿਰ ਹੇਅਸ ਵਿੱਚ ਰਹਿ ਕੇ ਕੰਮ ਕਾਜ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ।

ਜਾਣਕਾਰੀ ਅਨੁਸਾਰ ਬੀਤੀ 19 ਮਈ ਨੂੰ ਕੰਮ ਕਰਦੇ ਸਮੇਂ ਵਰਿੰਦਰ ਸਿੰਘ ਨੂੰ ਅਚਾਨਕ ਦਿਮਾਗੀ ਦੌਰਾ ਪੈ ਗਿਆ ਸੀ। ਜਿਸ ਤੋਂ ਬਾਅਦ ਉਸ ਨੂੰ ਉਸ ਦੇ ਸਾਥੀ ਕਰਮੀਆਂ ਵੱਲੋਂ ਐਂਬੂਲੈਂਸ ਦੀ ਮਦਦ ਨਾਲ ਨੇੜਲੇ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਜਿੱਥੇ 23 ਮਈ ਨੂੰ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ।
ਜਾਣਕਾਰੀ ਮੁਤਾਬਕ ਵਰਿੰਦਰ ਸਿੰਘ ਸ਼ਾਦੀਸ਼ੁਦਾ ਸੀ ਅਤੇ ਉਸਦੇ ਦੋ ਪੁੱਤਰ ਹਨ। ਉਹ ਬਜ਼ੁਰਗ ਪਿਤਾ ਦਾ ਇਕਲੌਤਾ ਸਹਾਰਾ ਅਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਪਰਿਵਾਰ ਦਾ ਸਾਰਾ ਦਾਰਮਦਾਰ ਵਰਿੰਦਰ ਸਿੰਘ ਉੱਤੇ ਹੀ ਟਿਕਿਆ ਹੋਇਆ ਸੀ। ਉਸ ਦੀ ਅਚਾਨਕ ਮੌਤ ਹੋ ਜਾਣ ਕਾਰਨ ਪਰਿਵਾਰ ਬੇਹੱਦ ਸਦਮੇ ਵਿੱਚ ਹੈ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਅੰਤਿਮ ਰਸਮਾਂ ਦੇ ਲਈ ਅੱਜ ਉਸ ਦੀ ਲਾਸ਼ ਸੁਲਤਾਨਪੁਰ ਲੋਧੀ ਵਿਖੇ ਉਸਦੇ ਜਿੱਦੀ ਘਰ ਚ ਲਿਆਂਦੀ ਗਈ। ਜਿੱਥੇ ਅੰਤਿਮ ਸੰਸਕਾਰ ਕੀਤਾ ਜਾਵੇਗਾ।