Kamal Kaur Murder: ਅੰਮ੍ਰਿਤਪਾਲ ਸਿੰਘ ਮਹਿਰੋਂ ਸਰੰਡਰ ਕਰਨ ਲਈ ਤਿਆਰ, ਵਕੀਲ ਵੱਲੋਂ ਵੱਡਾ ਦਾਅਵਾ..


ਪੰਜਾਬ, 17 ਜੂਨ 2025 (ਨਿਊਜ਼ ਟਾਊਨ ਨੈਟਵਰਕ):
ਕਮਲ ਕੌਰ ਭਾਬੀ ਕਤਲ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਕੇਸ ਹੁਣ ਘੁੰਮਣ ਬ੍ਰਦਰਜ਼ ਵੱਲੋਂ ਲੜਿਆ ਜਾਵੇਗਾ। ਵਕੀਲਾਂ ਨੇ ਪੰਜਾਬ ਪੁਲਿਸ ‘ਤੇ ਵੀ ਸਵਾਲ ਉਠਾਏ ਅਤੇ ਕਿਹਾ ਕਿ ਜੇਕਰ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਵਿਰੁੱਧ ਕੇਸ ਦਰਜ ਕੀਤਾ ਜਾ ਰਿਹਾ ਹੈ, ਤਾਂ ਸੋਸ਼ਲ ਮੀਡੀਆ ਉਤੇ ਅਸ਼ਲੀਲਤਾ ਫੈਲਾਉਣ ਅਤੇ ਨੌਜਵਾਨਾਂ ਨੂੰ ਵਿਗਾੜਨ ਵਾਲੇ ਹੋਰ ਲੋਕਾਂ ਵਿਰੁੱਧ ਕੇਸ ਕਿਉਂ ਨਹੀਂ ਦਰਜ ਕੀਤਾ ਜਾ ਰਿਹਾ?
ਉਨ੍ਹਾਂ ਦੇ ਖਾਤੇ ਕਿਉਂ ਨਹੀਂ ਬਲਾਕ ਕੀਤੇ ਜਾ ਰਹੇ ਜਦੋਂ ਕਿ ਅੰਮ੍ਰਿਤਪਾਲ ਦਾ ਖਾਤਾ ਬਲਾਕ ਕੀਤਾ ਗਿਆ ਹੈ, ਇਹ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ? ਉਨ੍ਹਾਂ ਨੇ ਅੰਮ੍ਰਿਤਪਾਲ ਨਾਲ ਗੱਲ ਕੀਤੀ ਹੈ। ਅਸੀਂ ਉਸ ਅਤੇ ਉਸ ਦੇ ਪਰਿਵਾਰ ਦਾ ਪੂਰਾ ਕੇਸ ਵੇਖ ਰਹੇ ਹਾਂ। ਅਸੀਂ ਜਲਦੀ ਹੀ ਜ਼ਮਾਨਤ ਅਰਜ਼ੀ ਦਾਇਰ ਕਰਨ ਜਾ ਰਹੇ ਹਾਂ। ਇਸ ਦੇ ਨਾਲ, ਜੇਕਰ ਉਹ ਬਾਹਰ ਹੈ ਜਾਂ ਜਿੱਥੇ ਵੀ ਹੈ, ਤਾਂ ਸਾਨੂੰ ਇਹ ਵੀ ਡਰ ਹੈ ਕਿ ਉਸ ਦਾ ਐਨਕਾਊਂਟਰ ਹੋ ਸਕਦਾ ਹੈ। ਅਸੀਂ ਇਸ ਬਾਰੇ ਹਾਈ ਕੋਰਟ ਵਿੱਚ ਵੀ ਸੁਰੱਖਿਆ ਪਟੀਸ਼ਨ ਦਾਇਰ ਕਰਨ ਜਾ ਰਹੇ ਹਾਂ ਕਿਉਂਕਿ ਸਾਨੂੰ ਪੁਲਿਸ ਉਤੇ ਭਰੋਸਾ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਨੇ ਕਿਹਾ ਕਿ ਉਹ ਆਤਮ ਸਮਰਪਣ ਕਰਨ ਲਈ ਤਿਆਰ ਹੈ ਪਰ ਕੋਈ ਧੱਕਾ ਨਹੀਂ ਹੋਣਾ ਚਾਹੀਦਾ, ਜੋ ਵੀ ਹੁੰਦਾ ਹੈ, ਉਹ ਪਾਰਦਰਸ਼ੀ ਅਤੇ ਨਿਰਪੱਖ ਹੋਣਾ ਚਾਹੀਦਾ ਹੈ। ਉਸ ਨੇ ਆਖਿਆ ਹੈ ਕਿ ਪਰਿਵਾਰ ਨੂੰ ਬਿਨਾਂ ਕਿਸੇ ਕਾਰਨ ਪਰੇਸ਼ਾਨ ਕੀਤਾ ਜਾ ਰਿਹਾ ਹੈ। ਮੇਰੇ ਪਿਤਾ ਅਤੇ ਭੈਣ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਅਜਿਹਾ ਨਹੀਂ ਹੋਣਾ ਚਾਹੀਦਾ। ਮੇਰੇ ਪਰਿਵਾਰ ਨੂੰ ਪਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ।
