ਬੰਗਲਾਦੇਸ਼ ‘ਚ ਦੁਰਗਾ ਮੰਦਰ ਢਾਹਿਆ, ਭਾਰਤ ਨੇ ਜਤਾਇਆ ਇਤਰਾਜ਼


(ਨਿਊਜ਼ ਟਾਊਨ ਨੈਟਵਰਕ)
ਨਵੀਂ ਦਿੱਲੀ/ਢਾਕਾ, 27 ਜੂਨ : ਭਾਰਤ ਨੇ ਬੰਗਲਾਦੇਸ਼ ਵਿਚ ਇਕ ਦੁਰਗਾ ਮੰਦਰ ਨੂੰ ਢਾਹੇ ਜਾਣ ‘ਤੇ ਡੂੰਘੀ ਨਾਰਾਜ਼ਗੀ ਪ੍ਰਗਟ ਕੀਤੀ ਹੈ। ਇਹ ਕਾਰਵਾਈ ਕੱਟੜਪੰਥੀ ਤੱਤਾਂ ਦੀ ਮੰਗ ਤੋਂ ਬਾਅਦ ਕੀਤੀ ਗਈ ਸੀ, ਜਿਸ ਤੋਂ ਬਾਅਦ ਭਾਰਤ ਨੇ ਬੰਗਲਾਦੇਸ਼ ਸਰਕਾਰ ਤੋਂ ਧਾਰਮਿਕ ਘੱਟ ਗਿਣਤੀਆਂ ਅਤੇ ਉਨ੍ਹਾਂ ਦੇ ਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਇਸ ਗੱਲ ‘ਤੇ ਗੰਭੀਰਤਾ ਨਾਲ ਚਿੰਤਤ ਹੈ ਕਿ ਢਾਕਾ ਵਿਚ ਸਥਿਤ ਮੰਦਰ ਨੂੰ ਲੋੜੀਂਦੀ ਸੁਰੱਖਿਆ ਨਹੀਂ ਦਿਤੀ ਗਈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬੰਗਲਾਦੇਸ਼ ਸਰਕਾਰ ਨੂੰ ਹਿੰਦੂ ਭਾਈਚਾਰੇ, ਉਨ੍ਹਾਂ ਦੀਆਂ ਜਾਇਦਾਦਾਂ ਅਤੇ ਧਾਰਮਿਕ ਸੰਸਥਾਵਾਂ ਦੀ ਰੱਖਿਆ ਕਰਨੀ ਚਾਹੀਦੀ ਹੈ।
ਸਥਾਨਕ ਅਧਿਕਾਰੀਆਂ ਦੇ ਅਨੁਸਾਰ ਮੰਦਰ ਬੰਗਲਾਦੇਸ਼ ਰੇਲਵੇ ਦੀ ਜ਼ਮੀਨ ‘ਤੇ ਬਣਾਇਆ ਗਿਆ ਸੀ ਤੇ ਇਸਨੂੰ ਇਕ ਗੈਰ-ਕਾਨੂੰਨੀ ਉਸਾਰੀ ਮੰਨ ਕੇ ਹਟਾ ਦਿਤਾ ਗਿਆ ਸੀ। ਮੰਦਰ ਨੂੰ ਬੁਲਡੋਜ਼ਰ ਦੀ ਮਦਦ ਨਾਲ ਢਾਹ ਦਿਤਾ ਗਿਆ ਸੀ ਜਦਕਿ ਇਸ ਦੌਰਾਨ ਮਾਂ ਦੁਰਗਾ ਦੀ ਮੂਰਤੀ ਉੱਥੇ ਮੌਜੂਦ ਸੀ। ਮੰਦਰ ਨੂੰ ਢਾਹੇ ਜਾਣ ਦੀਆਂ ਫੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਭਾਰਤ ਦਾ ਕਹਿਣਾ ਹੈ ਕਿ ਇਹ ਕਾਰਵਾਈ ਮੂਰਤੀ ਨੂੰ ਹਟਾਏ ਬਿਨਾਂ ਕੀਤੀ ਗਈ ਸੀ, ਜੋ ਕਿ ਬਹੁਤ ਚਿੰਤਾਜਨਕ ਹੈ। ਇਸ ਦੇ ਨਾਲ ਹੀ ਬੰਗਲਾਦੇਸ਼ ਸਰਕਾਰ ਇਸ ਘਟਨਾ ਨੂੰ ਜ਼ਮੀਨ ਦੀ ਗੈਰ-ਕਾਨੂੰਨੀ ਵਰਤੋਂ ਨਾਲ ਜੋੜ ਕੇ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰ ਰਹੀ ਹੈ।