ਰਾਜਸਥਾਨ ਦੇ ਚੁਰੂ ‘ਚ ਜੈਗੁਆਰ ਲੜਾਕੂ ਜਹਾਜ਼ ਹਾਦਸਾਗ੍ਰਸਤ, ਦੋਵੇਂ ਪਾਇਲਟ ਸ਼ਹੀਦ


ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਕੋਰਟ ਆਫ਼ ਇਨਕੁਆਰੀ ਦਾ ਗਠਨ

ਚੁਰੂ, 9 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਰਾਜਸਥਾਨ ਦੇ ਚੁਰੂ ‘ਚ ਰਤਨਗੜ੍ਹ ਇਲਾਕੇ ‘ਚ ਅੱਜ ਬੁੱਧਵਾਰ ਦੁਪਹਿਰ ਇਕ ਜੈਗੁਆਰ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਚਸ਼ਮਦੀਦਾਂ ਮੁਤਾਬਕ ਉਨ੍ਹਾਂ ਨੇ ਅਸਮਾਨ ਵਿਚ ਇਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਅਤੇ ਫਿਰ ਧੂੰਏਂ ਦਾ ਇਕ ਸੰਘਣਾ ਬੱਦਲ ਉੱਠਦਾ ਦੇਖਿਆ। ਜਲਦੀ ਹੀ ਜਹਾਜ਼ ਦਾ ਮਲਬਾ ਖੇਤਾਂ ਵਿਚ ਸੜਦੀ ਹਾਲਤ ਵਿਚ ਖਿੰਡਿਆ ਹੋਇਆ ਦੇਖਿਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਰਾਹਤ ਕਾਰਜ ਸ਼ੁਰੂ ਕਰ ਦਿਤੇ ਗਏ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਸੜਦੇ ਮਲਬੇ ‘ਤੇ ਕਾਬੂ ਪਾਇਆ ਗਿਆ। ਹੁਣ ਤਕ ਮਲਬੇ ਵਿਚੋਂ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਹਾਦਸੇ ਮਗਰੋਂ ਮੌਕੇ ‘ਤੇ ਭੀੜ ਇਕੱਠੀ ਹੋ ਗਈ ਹੈ ਅਤੇ ਪਿੰਡ ਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਹੈ। ਮੌਕੇ ‘ਤੇ ਇਕੱਠੇ ਹੋਏ ਮਾਹਰ ਹਾਦਸੇ ਦੀਆਂ ਸਾਰੀਆਂ ਸੰਭਾਵਨਾਵਾਂ ਦੀ ਜਾਂਚ ਕਰ ਰਹੇ ਹਨ।
ਇਸ ਘਟਨਾ ਤੋਂ ਬਾਅਦ ਹਵਾਈ ਸੈਨਾ ਦਾ ਪਹਿਲਾ ਬਿਆਨ ਆਇਆ ਹੈ, ਜਿਸ ਵਿਚ ਦੋਵੇਂ ਪਾਇਲਟਾਂ ਦੇ ਸ਼ਹੀਦ ਹੋਣ ਦੀ ਜਾਣਕਾਰੀ ਦਿਤੀ ਗਈ ਹੈ। ਇਸ ਦੇ ਨਾਲ ਹੀ ਹਵਾਈ ਸੈਨਾ ਨੇ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਇਕ ਕੋਰਟ ਆਫ਼ ਇਨਕੁਆਰੀ ਦਾ ਗਠਨ ਕੀਤਾ ਹੈ। ਮੁੱਢਲੀ ਜਾਣਕਾਰੀ ਅਨੁਸਾਰ ਜਹਾਜ਼ ਇਕ ਰੁਟੀਨ ਸਿਖਲਾਈ ਮਿਸ਼ਨ ‘ਤੇ ਸੀ ਅਤੇ ਹਾਦਸਾ ਤਕਨੀਕੀ ਕਾਰਨਾਂ ਕਰਕੇ ਹੋਇਆ ਹੋ ਸਕਦਾ ਹੈ ਪਰ ਅਸਲ ਕਾਰਨ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।
ਭਾਰਤੀ ਹਵਾਈ ਸੈਨਾ ਨੇ ਟਵੀਟ ਕਰਕੇ ਲਿਖਿਆ ਹੈ ਕਿ ਆਈਏਐਫ਼ ਦਾ ਇਕ ਜੈਗੁਆਰ ਟ੍ਰੇਨਰ ਜਹਾਜ਼ ਇਕ ਨਿਯਮਤ ਸਿਖਲਾਈ ਮਿਸ਼ਨ ਦੌਰਾਨ ਹਾਦਸਾਗ੍ਰਸਤ ਹੋ ਗਿਆ ਅਤੇ ਅੱਜ ਰਾਜਸਥਾਨ ਦੇ ਚੁਰੂ ਨੇੜੇ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ ਹੈ। ਕਿਸੇ ਵੀ ਸਿਵਲ ਜਾਇਦਾਦ ਨੂੰ ਨੁਕਸਾਨ ਹੋਣ ਦੀ ਕੋਈ ਰਿਪੋਰਟ ਨਹੀਂ ਹੈ… ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਇਕ ਅਦਾਲਤੀ ਜਾਂਚ ਦਾ ਗਠਨ ਕੀਤਾ ਗਿਆ ਹੈ।
