ਜੱਗੂ ਭਗਵਾਨਪੁਰੀਆ ਦੀ ਭਾਬੀ ਲਵਜੀਤ ਕੌਰ ਨੂੰ ਅੰਮ੍ਰਿਤਸਰ ਏਅਰਪੋਰਟ ਤੇ ਹਿਰਾਸਤ ਚ ਲਿਆ

0
Gangster-Jaggu-Bhagwanpuria-is-one-of-the-main-acc_1704655011683

ਅੰਮ੍ਰਿਤਸਰ, 8 ਜੁਲਾਈ ( ਨਿਊਜ਼ ਟਾਊਨ ਨੈੱਟਵਰਕ ) ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਸੰਬੰਧਤ ਇਕ ਵੱਡੀ ਕਾਰਵਾਈ ਵਿਚ ਉਸ ਦੀ ਭਾਬੀ ਲਵਜੀਤ ਕੌਰ ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਪੁਲਸ ਅਧਿਕਾਰੀਆਂ ਵੱਲੋਂ ਡਿਟੇਨ ਕਰ ਲਿਆ ਗਿਆ। ਲਵਜੀਤ ਕੌਰ ਨੇ ਅੰਮ੍ਰਿਤਸਰ ਤੋਂ ਮਲੇਸ਼ੀਆ ਜਾਣਾ ਸੀ ਕਿ ਪਰ ਉਸ ਖਿਲਾਫ ਲੁੱਕਆਉਟ ਸਰਕੁਲਰ (LOC) ਜਾਰੀ ਹੋਣ ਕਰਕੇ ਉਸ ਨੂੰ ਰੋਕ ਲਿਆ ਗਿਆ।

ਜਾਣਕਾਰੀ ਅਨੁਸਾਰ ਲਵਜੀਤ ਕੌਰ ਨੂੰ ਡਿਟੇਨ ਕਰਨ ਤੋਂ ਬਾਅਦ ਬਟਾਲਾ ਪੁਲਸ ਮੌਕੇ ‘ਤੇ ਪਹੁੰਚੀ ਅਤੇ ਉਸਨੂੰ ਆਪਣੇ ਨਾਲ ਲੈ ਗਈ। ਪੁਲਸ ਨੇ ਕਿਹਾ ਕਿ ਲਵਜੀਤ ਕੌਰ ਸਬੰਧੀ ਜਾਂਚ ਕੀਤੀ ਜਾਵੇਗੀ । ਪਹਿਲਾਂ ਵੀ ਭਗਵਾਨਪੁਰੀਆ ਗੈਂਗ ਨਾਲ ਜੁੜੇ ਹੋਰ ਪਰਿਵਾਰਕ ਮੈਂਬਰਾਂ ਖਿਲਾਫ ਜਾਂਚ ਚੱਲ ਰਹੀ ਹੈ।

ਜ਼ਿਕਰਯੋਗ ਹੈ ਕਿ ਬੀਤੀ ਦਿਨੀਂ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ ਅਤੇ ਰਿਸ਼ਤੇਦਾਰ ਕਰਨਵੀਰ ਸਿੰਘ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਦੋਂ ਦੋਵੇਂ ਬਟਾਲਾ ਦੇ ਕਾਦੀਆਂ ਰੋਡ ‘ਤੇ ਇਕ ਸਕਾਰਪੀਓ ਵਿਚ ਸਵਾਰ ਸਨ ਕਿ ਅਣਪਛਾਤੇ ਮੁਲਜ਼ਮਾਂ ਨੇ ਉਨ੍ਹਾਂ ਨੂੰ ਗੋਲ਼ੀਆਂ ਮਾਰ ਦਿੱਤੀਆਂ। ਕਰਨਵੀਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ ਤੇ ਹਰਜੀਤ ਕੌਰ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਸ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ ਤੇ ਉੱਥੇ ਉਸ ਦੀ ਵੀ ਮੌਤ ਹੋ ਗਈ।

ਇੱਥੇ ਇਹ ਵੀ ਦੱਸ ਦੇਈਏ ਕਿ ਇਸ ਕਤਲਕਾਂਡ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਨੇ ਲੈ ਲਈ ਹੈ। ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਇਕ ਪੋਸਟ ਵਾਇਰਲ ਹੋਈ ਸੀ, ਜਿਸ ਵਿਚ ਬੰਬੀਹਾ ਗੈਂਗ ਦੇ ਮੈਂਬਰਾਂ ਵੱਲੋਂ ਇਸ ਕਤਲਕਾਂਡ ਦੀ ਜ਼ਿੰਮੇਵਾਰੀ ਲਈ ਗਈ, ਜਿਸ ਮਗਰੋਂ ਪੁਲਸ ਨੇ ਗੈਂਗਵਾਰ ਦੇ ਐਂਗਲ ਤੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *