‘ਖਾਮੇਨੇਈ ਨੂੰ ਨਹੀਂ ਛੱਡਾਂਗੇ’, ਹਸਪਤਾਲ ‘ਤੇ ਇਰਾਨ ਦੇ ਅਟੈਕ ਤੋਂ ਬਾਅਦ ਇਜ਼ਰਾਈਲ ਦੀ ਖੁੱਲ੍ਹੀ ਧਮਕੀ


ਤੇਲ ਅਵੀਵ, 19 ਜੂਨ (ਨਿਊਜ਼ ਟਾਊਨ ਨੈਟਵਰਕ) : ਇਰਾਨ ਨੇ ਇਜ਼ਰਾਈਲ ਦੇ ਸੋਰੋਕਾ ਹਸਪਤਾਲ ‘ਤੇ ਮਿਜ਼ਾਈਲ ਨਾਲ ਹਮਲਾ ਕਰ ਦਿਤਾ ਜਿਸ ਵਿਚ ਬਹੁਤ ਸਾਰੇ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਹੁਣ ਇਜ਼ਰਾਈਲ ਨੇ ਇਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਖਾਮੇਨੇਈ ਨੂੰ ਖੁੱਲ੍ਹੀ ਧਮਕੀ ਦਿਤੀ ਹੈ। ਇਸ ਹਮਲੇ ਨੂੰ ਵਾਰ ਕ੍ਰਾਈਮ ਕਰਾਰ ਦਿਤਾ ਹੈ ਅਤੇ ਕਿਹਾ ਹੈ ਕਿ ਇਸ ਲਈ ਖਾਮੇਨੇਈ ਇਸ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ।
ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕੋਟਜ਼ ਨੇ ਹਮਲੇ ‘ਤੇ ਪ੍ਰਤੀਕਿਰਿਆ ਦਿਤੀ ਹੈ। ਰੱਖਿਆ ਮੰਤਰੀ ਕੋਟਜ਼ ਨੇ ਕਿਹਾ, “ਕਾਇਰ ਇਰਾਨੀ ਤਾਨਾਸ਼ਾਹ ਇਕ ਬੰਕਰ ਵਿਚ ਲੁਕਿਆ ਹੋਇਆ ਹੈ ਅਤੇ ਸਾਡੇ ਹਸਪਤਾਲਾਂ ਅਤੇ ਰਿਹਾਇਸ਼ੀ ਸਥਾਨਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਹ ਸਭ ਤੋਂ ਖਰਾਬ ਕਿਸਮ ਦਾ ਵਾਰ ਕ੍ਰਾਈਮ ਹੈ। ਖਾਮੇਨੇਈ ਨੂੰ ਇਸ ਲਈ ਸਜ਼ਾ ਭੁਗਤਣੀ ਪਵੇਗੀ। ਉਹ ਇਸ ਅਪਰਾਧ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ।” ਕਾਟਜ਼ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਜ਼ਰਾਈਲ ਰੱਖਿਆ ਬਲ ਨੂੰ ਤਹਿਰਾਨ ਵਿਚ ਹਮਲੇ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿਤੇ ਹਨ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਖਾਮੇਨੇਈ ਨੂੰ ਚੇਤਾਵਨੀ ਦਿਤੀ ਹੈ। ਇਰਾਨ ਦੇ ਬੈਲਿਸਟਿਕ ਮਿਜ਼ਾਈਲ ਹਮਲੇ ਤੋਂ ਬਾਅਦ ਉਨ੍ਹਾਂ ਨੇ ਢੁਕਵਾਂ ਜਵਾਬ ਦਿਤਾ। ਨੇਤਨਯਾਹੂ ਨੇ ਐਕਸ ‘ਤੇ ਲਿਖਿਆ, ਇਰਾਨ ਦੇ ਅੱਤਵਾਦੀ ਤਾਨਾਸ਼ਾਹ (ਖਾਮੇਨੇਈ) ਦੇ ਸੈਨਿਕਾਂ ਨੇ ਸਰੋਕਾ ਹਸਪਤਾਲ ਅਤੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਹੈ। ਹੁਣ ਇਰਾਨ ਨੂੰ ਇਸ ਦੀ ਪੂਰੀ ਕੀਮਤ ਚੁਕਾਉਣੀ ਪਵੇਗੀ।