ਇਜ਼ਰਾਈਲ ਨੇ ਪਾਕਿਸਤਾਨ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਕੀਤਾ ਨੰਗਾ!


ਸੰਯੁਕਤ ਰਾਸ਼ਟਰ, 13 ਸਤੰਬਰ (ਨਿਊਜ਼ ਟਾਊਨ ਨੈਟਵਰਕ) :
ਇਜ਼ਰਾਈਲ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਪਾਕਿਸਤਾਨ ‘ਤੇ ‘ਦੋਹਰੇ ਮਾਪਦੰਡ’ ਅਪਣਾਉਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਇਸਲਾਮਾਬਾਦ ਇਸ ਤੱਥ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਉਸਨੇ ਅਲ ਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਨੂੰ ਆਪਣੀ ਧਰਤੀ ‘ਤੇ ਪਨਾਹ ਦਿਤੀ ਸੀ ਅਤੇ ਉਸਨੂੰ ਉੱਥੇ ਮਾਰ ਦਿਤਾ ਗਿਆ ਸੀ। ਸੰਯੁਕਤ ਰਾਸ਼ਟਰ ਵਿਚ ਇਜ਼ਰਾਈਲ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਡੈਨੀ ਡੈਨਨ ਨੇ ਪਾਕਿਸਤਾਨ ਦੇ ਰਾਜਦੂਤ ਅਸੀਮ ਇਫਤਿਖਾਰ ਅਹਿਮਦ ਵੱਲ ਇਸ਼ਾਰਾ ਕਰਦੇ ਹੋਏ ਕਿਹਾ, “ਜਦੋਂ ਬਿਨ ਲਾਦੇਨ ਨੂੰ ਪਾਕਿਸਤਾਨ ਵਿਚ ਮਾਰਿਆ ਗਿਆ ਸੀ ਤਾਂ ਇਹ ਸਵਾਲ ਨਹੀਂ ਪੁੱਛਿਆ ਗਿਆ ਸੀ ਕਿ ਵਿਦੇਸ਼ੀ ਧਰਤੀ ‘ਤੇ ਇਕ ਅੱਤਵਾਦੀ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ ਸੀ?” ਡੈਨਨ ਨੇ ਕਿਹਾ, “ਕਿਸੇ ਨੇ ਇਹ ਸਵਾਲ ਨਹੀਂ ਪੁੱਛਿਆ। ਸਵਾਲ ਇਹ ਸੀ ਕਿ ਇਕ ਅੱਤਵਾਦੀ ਨੂੰ ਪਨਾਹ ਕਿਉਂ ਦਿਤੀ ਗਈ? ਇਹੀ ਸਵਾਲ ਅੱਜ ਵੀ ਪੁੱਛਿਆ ਜਾਣਾ ਚਾਹੀਦਾ ਹੈ। ਜਦੋਂ ਬਿਨ ਲਾਦੇਨ ਨੂੰ ਨਹੀਂ ਬਖਸ਼ਿਆ ਗਿਆ ਤਾਂ ਹਮਾਸ ਨੂੰ ਵੀ ਨਹੀਂ ਬਖਸ਼ਿਆ ਜਾ ਸਕਦਾ।” ਇਜ਼ਰਾਈਲ ਅਤੇ ਪਾਕਿਸਤਾਨ ਦੇ ਰਾਜਦੂਤਾਂ ਵਿਚਕਾਰ ਇਹ ਗਰਮਾ-ਗਰਮ ਬਹਿਸ ਵੀਰਵਾਰ ਨੂੰ ਕਤਰ ਦੀ ਰਾਜਧਾਨੀ ਦੋਹਾ ਵਿਚ ਹਮਾਸ ਨੇਤਾਵਾਂ ‘ਤੇ ਇਜ਼ਰਾਈਲੀ ਹਮਲੇ ‘ਤੇ ਚਰਚਾ ਕਰਨ ਲਈ ਹੋਈ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ਵਿਚ ਹੋਈ। ਆਪਣੇ ਸੰਬੋਧਨ ਵਿਚ ਅਹਿਮਦ ਨੇ ਕਤਰ ਵਿਰੁਧ ਇਜ਼ਰਾਈਲ ਦੇ “ਗੈਰ-ਕਾਨੂੰਨੀ ਅਤੇ ਬਿਨਾਂ ਭੜਕਾਹਟ ਦੇ ਹਮਲੇ” ਦੀ ਸਖ਼ਤ ਨਿੰਦਾ ਕੀਤੀ ਅਤੇ ਇਸਨੂੰ “ਹਮਲੇ ਦੇ ਵਿਆਪਕ ਰੁਝਾਨ” ਦਾ ਹਿੱਸਾ ਦੱਸਿਆ ਜੋ ਖੇਤਰੀ ਸ਼ਾਂਤੀ ਨੂੰ ਕਮਜ਼ੋਰ ਕਰਦਾ ਹੈ। ਪਾਕਿਸਤਾਨੀ ਰਾਜਦੂਤ ਨੇ ਇਜ਼ਰਾਈਲ ‘ਤੇ ਗਾਜ਼ਾ ਵਿਚ “ਬੇਰਹਿਮ” ਫੌਜੀ ਕਾਰਵਾਈ ਅਤੇ ਸੀਰੀਆ, ਲੇਬਨਾਨ, ਈਰਾਨ ਅਤੇ ਯਮਨ ਵਿਚ ਸਰਹੱਦ ਪਾਰ ਹਮਲਿਆਂ ਰਾਹੀਂ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ 11 ਸਤੰਬਰ 2001 ਨੂੰ ਨਿਊਯਾਰਕ ਸਿਟੀ ਵਿਚ ਹੋਏ ਅੱਤਵਾਦੀ ਹਮਲਿਆਂ ਦੀ 24ਵੀਂ ਵਰ੍ਹੇਗੰਢ ‘ਤੇ ਹੋਈ। ਇਹ ਹਮਲਾ ਬਿਨ ਲਾਦੇਨ ਦੇ ਇਸ਼ਾਰੇ ‘ਤੇ ਕੀਤਾ ਗਿਆ ਸੀ।
