ਇਜ਼ਰਾਈਲ ਨੇ 72 ਘੰਟਿਆਂ ‘ਚ 6 ਮੁਸਲਿਮ ਦੇਸ਼ਾਂ ‘ਤੇ ਕੀਤਾ ਹਮਲਾ, 200 ਮੌਤਾਂ, 1000 ਜ਼ਖ਼ਮੀ


ਗਾਜ਼ਾ ਦਾ ਲਗਭਗ 75% ਹਿੱਸਾ ਇਜ਼ਰਾਈਲੀ ਕਬਜ਼ੇ ਹੇਠ
ਨੇਤਨਯਾਹੂ ਨੇ ਕਿਹਾ- ਅਸੀਂ ਉਹੀ ਕਰ ਰਹੇ ਹਾਂ ਜੋ ਅਮਰੀਕਾ ਨੇ ਕੀਤਾ
ਯਰੂਸ਼ਲਮ, 11 ਸਤੰਬਰ (ਨਿਊਜ਼ ਟਾਊਨ ਨੈਟਵਰਕ) : ਇਜ਼ਰਾਈਲ ਨੇ ਪਿਛਲੇ 72 ਘੰਟਿਆਂ ਵਿਚ 6 ਦੇਸ਼ਾਂ ‘ਤੇ ਹਮਲਾ ਕਰ ਦਿਤਾ ਹੈ। ਇਨ੍ਹਾਂ ਵਿਚ ਗਾਜ਼ਾ (ਫਲਸਤੀਨ), ਸੀਰੀਆ, ਲੇਬਨਾਨ, ਕਤਰ, ਯਮਨ ਅਤੇ ਟਿਊਨੀਸ਼ੀਆ ਸ਼ਾਮਲ ਹਨ। ਇਨ੍ਹਾਂ ਹਮਲਿਆਂ ਵਿਚ 200 ਤੋਂ ਵੱਧ ਲੋਕ ਮਾਰੇ ਗਏ ਅਤੇ 1000 ਤੋਂ ਵੱਧ ਜ਼ਖਮੀ ਹੋਏ। ਇਹ ਹਮਲੇ ਸੋਮਵਾਰ ਅਤੇ ਬੁੱਧਵਾਰ ਦੇ ਵਿਚਕਾਰ ਕੀਤੇ ਗਏ। ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਦੇਸ਼ਾਂ ਵਿਚ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਸ ‘ਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨਾਲ ਨਾਰਾਜ਼ਗੀ ਪ੍ਰਗਟ ਕੀਤੀ ਹੈ। ਹਾਲਾਂਕਿ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕਤਰ ਦੀ ਰਾਜਧਾਨੀ ਦੋਹਾ ਵਿਚ ਹਮਾਸ ਅਧਿਕਾਰੀਆਂ ‘ਤੇ ਹਮਲੇ ਦਾ ਬਚਾਅ ਕੀਤਾ। ਉਨ੍ਹਾਂ ਨੇ ਇਸ ਹਮਲੇ ਦੀ ਤੁਲਨਾ 9/11 ਦੇ ਹਮਲਿਆਂ ਤੋਂ ਬਾਅਦ ਅਮਰੀਕਾ ਦੀ ਕਾਰਵਾਈ ਨਾਲ ਕੀਤੀ। ਉਨ੍ਹਾਂ ਕਿਹਾ ਕਿ ਇਜ਼ਰਾਈਲ ਨੇ ਵੀ ਉਹੀ ਕੰਮ ਕੀਤਾ ਜੋ ਉਸ ਸਮੇਂ ਅਮਰੀਕਾ ਨੇ ਕੀਤਾ ਸੀ। ਦੱਸਣਯੋਗ ਹੈ ਕਿ ਇਜ਼ਰਾਈਲੀ ਫੌਜ ਨੇ ਮੰਗਲਵਾਰ ਨੂੰ ਕਤਰ ਦੀ ਰਾਜਧਾਨੀ ਦੋਹਾ ‘ਤੇ ਹਵਾਈ ਹਮਲਾ ਕੀਤਾ। ਇਹ ਹਮਲਾ ਹਮਾਸ ਮੁਖੀ ਖਲੀਲ ਅਲ-ਹਯਾ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਇਸ ਵਿਚ 6 ਲੋਕ ਮਾਰੇ ਗਏ, ਜਿਨ੍ਹਾਂ ਵਿਚ ਅਲ-ਹਯਾ ਦਾ ਪੁੱਤਰ, ਦਫ਼ਤਰ ਨਿਰਦੇਸ਼ਕ, ਤਿੰਨ ਗਾਰਡ ਅਤੇ ਇਕ ਕਤਰ ਸੁਰੱਖਿਆ ਅਧਿਕਾਰੀ ਸ਼ਾਮਲ ਸਨ। ਇਸ ਹਮਲੇ ਸਮੇਂ ਹਮਾਸ ਦੇ ਨੇਤਾ ਅਮਰੀਕੀ ਜੰਗਬੰਦੀ ਪ੍ਰਸਤਾਵ ‘ਤੇ ਚਰਚਾ ਕਰ ਰਹੇ ਸਨ। ਇਸ ਹਮਲੇ ਤੋਂ ਬਾਅਦ ਹਮਾਸ ਨੇ ਜੰਗਬੰਦੀ ਤੋਂ ਇਨਕਾਰ ਕਰ ਦਿਤਾ। ਜ਼ਿਕਰਯੋਗ ਹੈ ਕਿ ਇਜ਼ਰਾਈਲੀ ਹਮਲਿਆਂ ਕਾਰਨ ਸੋਮਵਾਰ ਨੂੰ ਗਾਜ਼ਾ ਵਿਚ ਲਗਭਗ 150 ਲੋਕ ਮਾਰੇ ਗਏ ਅਤੇ 540 ਜ਼ਖਮੀ ਹੋ ਗਏ। 2023 ਤੋਂ ਗਾਜ਼ਾ ਵਿਚ ਕੁੱਲ 64,600 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ। ਹੁਣ ਤਕ ਗਾਜ਼ਾ ਵਿਚ ਭੁੱਖਮਰੀ ਨਾਲ 400 ਲੋਕ ਮਰ ਚੁੱਕੇ ਹਨ ਅਤੇ ਹਜ਼ਾਰਾਂ ਲੋਕ ਮਲਬੇ ਹੇਠ ਦੱਬੇ ਹੋਏ ਹਨ। ਗਾਜ਼ਾ ਦਾ ਲਗਭਗ 75% ਹਿੱਸਾ ਇਜ਼ਰਾਈਲੀ ਕਬਜ਼ੇ ਹੇਠ ਹੈ।
