ਇਰਾਨ-ਇਜ਼ਰਾਈਲ ਜੰਗ: ਅਮਰੀਕਾ ਨੇ ਇਰਾਨ ਦੇ 3 ਪਰਮਾਣੂ ਟਿਕਾਣਿਆਂ ਉਤੇ ਸੁੱਟੇ ਬੰਬ

ਡੋਨਾਲ ਟਰੰਪ ਨੇ ਕਿਹਾ, ਹੁਣ ਸ਼ਾਂਤੀ ਦਾ ਸਮਾਂ ਹੈ


ਵਾਸ਼ਿੰਗਟਨ, 22 ਜੂਨ (ਨਿਊਜ਼ ਟਾਊਨ ਨੈਟਵਰਕ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਨੇ ਇਰਾਨ ਦੇ ਤਿੰਨ ਪਰਮਾਣੂ ਟਿਕਾਣਿਆਂ ਉਤੇ ਹਮਲੇ ਕੀਤੇ ਹਨ। ਇਹ ਹਮਲੇ ਫ਼ੋਰਦੋ, ਨਤਾਂਜ਼ ਅਤੇ ਇਸਫ਼ਹਾਨ ਉਤੇ ਕੀਤੇ ਗਏ ਹਨ। ਇਰਾਨ ਨੇ ਵੀ ਇਨ੍ਹਾਂ ਹਮਲਿਆਂ ਦੀ ਪੁਸ਼ਟੀ ਕੀਤੀ ਹੈ। ਟਰੰਪ ਨੇ ਅਪਣੇ ਸੋਸ਼ਲ ਮੀਡੀਆ ਪਲੇਟ-ਫ਼ਾਰਮ ਉੇਤੇ ਲਿਖਿਆ ਕਿ ਉਨ੍ਹਾਂ ਨੇ ਫ਼ੋਰਦੋ, ਨਤਾਂਜ਼ ਅਤੇ ਇਸਫ਼ਹਾਨ ਸਮੇਤ ਇਰਾਨ ਦੇ ਤਿੰਨ ਪਰਮਾਣੂ ਟਿਕਾਣਿਆਂ ਉਤੇ ਸਫ਼ਲਤਾਪੂਰਵਕ ਹਮਲਿਆਂ ਨੂੰ ਅੰਜਾਮ ਦਿਤਾ ਹੈ। ਸਾਰੇ ਜਹਾਜ਼ ਹੁਣ ਇਰਾਨ ਦੇ ਹਵਾਈ ਖੇਤਰ ਤੋਂ ਬਾਹਰ ਹਨ। ਟਰੰਪ ਨੇ ਅੱਗੇ ਲਿਖਿਆ ਕਿ ਫ਼ੋਰਦੋ ਉਤੇ ਸਾਰੇ ਬੰਬ ਸੁੱਟੇ ਗਏ ਹਨ ਅਤੇ ਸਾਰੇ ਜਹਾਜ਼ ਸੁਰੱਖਿਅਤ ਅਮਰੀਕਾ ਪਰਤ ਆਏ ਹਨ। ਨਾਲ ਹੀ ਟਰੰਪ ਨੇ ਲਿਖਿਆ ਕਿ ਅਮਰੀਕਾ ਦੇ ਮਹਾਨ ਅਮਰੀਕੀ ਯੋਧਿਆਂ ਨੂੰ ਵਧਾਈ। ਦੁਨੀਆਂ ਵਿਚ ਕੋਈ ਹੋਰ ਫ਼ੌਜ ਨਹੀਂ ਜੋ ਇਹ ਕੰਮ ਕਰ ਸਕੇ। ਹੁਣ ਸ਼ਾਂਤੀ ਦਾ ਸਮਾਂ ਹੈ। ਡੋਨਾਲਡ ਟਰੰਪ ਨੇ ਇਸ ਫ਼ੌਜੀ ਮੁਹਿੰਮ ਤੋਂ ਬਾਅਦ ਦੇਸ਼ ਨੂੰ ਸੰਬੋਧਨ ਕੀਤਾ ਜਿਸ ਵਿਚ ਇਸ ਹਮਲੇ ਦੀ ਪੂਰੀ ਜਾਣਕਾਰੀ ਦਿਤੀ ਗਈ। ਉਨ੍ਹਾਂ ਕਿਹਾ ਕਿ ਅਸੀਂ ਅੱਜ ਦੁਨੀਆਂ ਨੂੰ ਦੱਸ ਸਕਦੇ ਹਾਂ ਕਿ ਅਸੀਂ ਸ਼ਾਨਦਾਰ ਅਤੇ ਸਫ਼ਲ ਰਹੇ ਹਾਂ। ਹੁਣ ਸ਼ਾਂਤੀ ਸਥਾਪਤ ਕਰਨੀ ਹੋਵੇਗੀ। ਜੇ ਉਹ ਇਹ ਨਹੀਂ ਕਰਦਾ ਤਾਂ ਅਸੀਂ ਭਵਿੱਖ ਵਿਚ ਹੋਣ ਵਾਲੇ ਹਮਲਿਆਂ ਨੂੰ ਹੋਰ ਵੱਡਾ ਕਰਾਂਗੇ। ਡੋਨਾਲਡ ਟਰੰਪ ਨੇ ਇਨ੍ਹਾਂ ਹਮਲਿਆਂ ਲਈ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਇਜ਼ਰਾਈਲੀ ਫ਼ੌਜ਼ ਦਾ ਧੰਨਵਾਦ ਕੀਤਾ। ਟਰੰਪ ਨੇ ਇਹ ਵੀ ਕਿਹਾ ਕਿ ਹਾਲੇ ਬਹੁਤ ਸਾਰੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾਣਾ ਬਾਕੀ ਹੈ।
ਇਰਾਨ ਦੀ ਪਰਮਾਣੂ ਏਜੰਸੀ ਏ.ਈ.ਓ.ਆਈ ਨੇ ਤਿੰਨ ਇਰਾਨੀ ਪਰਮਾਣੂ ਟਿਕਾਣਿਆਂ ਉਤੇ ਅਮਰੀਕੀ ਹਮਲਿਆਂ ਦੀ ਨਿੰਦਾ ਕੀਤੀ ਹੈ। ਇਰਾਨ ਨੇ ਦੁਨੀਆਂ ਅਪੀਲ ਕੀਤੀ ਹੈ ਕਿ ਉਹ ਹਮਲਿਆਂ ਦੀ ਨਿੰਦਾ ਕਰੇ ਅਤੇ ਇਰਾਨ ਦੇ ਉਚਿਤ ਰੁਖ਼ ਦਾ ਸਮਰਥਨ ਕਰੇ। ਇਕ ਇਰਾਨੀ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਇਰਾਨ ਨੇ ਪਰਮਾਣੂ ਟਿਕਾਣਿਆਂ ਨੂੰ ਪਹਿਲਾਂ ਹੀ ਖ਼ਾਲੀ ਕਰ ਲਿਆ ਸੀ। ਟਰੰਪ ਨੇ ਜਿਹੜਾ ਕੁੱਝ ਕਿਹਾ ਹੈ, ਜੇ ਉਹ ਸੱਚ ਵੀ ਹੋਵੇ ਤਾਂ ਇਰਾਨ ਨੂੰ ਕਿਸੇ ਵੱਡੇ ਧਮਾਕੇ ਨਾਲ ਕੋਈ ਨੁਕਸਾਨ ਨਹੀਂ ਹੋਇਆ ਕਿਉਂਕਿ ਪਦਾਰਥਾਂ ਨੂੰ ਪਹਿਲਾਂ ਹੀ ਉਥੋਂ ਹਟਾ ਦਿਤਾ ਗਿਆ ਸੀ। ਇਰਾਨੀ ਤਰਜਮਾਨ ਮੁਰਤਜ਼ਾ ਹੈਦਰੀ ਨੇ ਕਿਹਾ ਹੈ ਕਿ ਫ਼ੋਰਦੋ ਪਰਮਾਣੂ ਕੇਂਦਰ ਦੇ ਇਲਾਕੇ ਦਾ ਇਕ ਹਿੱਸਾ ਹਵਾਈ ਹਮਲੇ ਦੀ ਮਾਰ ਹੇਠ ਆਇਆ ਹੈ।
ਅਮਰੀਕੀ ਹਮਲੇ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਟਰੰਪ ਅਤੇ ਮੈਂ ਅਕਸਰ ਕਹਿੰਦੇ ਹਾਂ ਕਿ ਤਾਕਤ ਨਾਲ ਸ਼ਾਂਤੀ ਹੁੰਦੀ ਹੈ। ਪਹਿਲਾਂ ਤਾਕਤ ਆਉਂਦੀ ਹੈ ਅਤੇ ਫਿਰ ਸ਼ਾਂਤੀ ਆਉਂਦੀ ਹੈ। ਨੇਤਨਯਾਹੂ ਨੇ ਕਿਹਾ ਕਿ ਅੱਜ ਰਾਤ ਰਾਸ਼ਟਰਪਤੀ ਟਰੰਪ ਅਤੇ ਅਮਰੀਕਾ ਨੇ ਬਹੁਤ ਤਾਕਤ ਨਾਲ ਕਾਰਵਾਈ ਕੀਤੀ ਹੈ।