ਇਰਾਨ ਨੇ ਸੀਰੀਆ ‘ਚ ਅਮਰੀਕੀ ਬੇਸ ‘ਤੇ ਕੀਤਾ ਹਮਲਾ, 36 ਘੰਟਿਆਂ ‘ਚ ਲਿਆ ਬਦਲਾ


(ਨਿਊਜ਼ ਟਾਊਨ ਨੈਟਵਰਕ)
ਤਹਿਰਾਨ, 23 ਜੂਨ : ਇਰਾਨ ‘ਤੇ ਅਮਰੀਕੀ ਹਮਲੇ ਤੋਂ ਬਾਅਦ ਸੀਰੀਆ ‘ਚ ਇਕ ਅਮਰੀਕੀ ਫੌਜੀ ਅੱਡੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਰਾਨੀ ਮੀਡੀਆ ਰਿਪੋਰਟ ਮੁਤਾਬਕ ਅਮਰੀਕੀ ਬੀ-2 ਬੰਬਾਰ ਹਮਲੇ ਤੋਂ ਲਗਭਗ 36 ਘੰਟੇ ਬਾਅਦ ਇਰਾਨ ਨੇ ਸੀਰੀਆ ‘ਚ ਅਮਰੀਕੀ ਅੱਡੇ ‘ਤੇ ਸੋਮਵਾਰ ਨੂੰ ਹਮਲਾ ਕੀਤਾ ਹੈ। ਇਹ ਇਰਾਨ ਦੁਆਰਾ ਪਹਿਲਾ ਹਮਲਾ ਮੰਨਿਆ ਜਾ ਰਿਹਾ ਹੈ ਜਿਸਨੂੰ ਇਜ਼ਰਾਈਲ ਤੋਂ ਵੱਖ ਮੰਨਿਆ ਜਾ ਰਿਹਾ ਹੈ। ਹਾਲਾਂਕਿ ਇਰਾਨ ਨੇ ਅਜੇ ਤੱਕ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਰਾਨ ਨੇ ਪਹਿਲਾਂ ਚੇਤਾਵਨੀ ਦਿਤੀ ਸੀ ਕਿ ਜੇਕਰ ਅਮਰੀਕਾ ਯੁੱਧ ਵਿਚ ਸ਼ਾਮਲ ਹੁੰਦਾ ਹੈ ਤਾਂ ਉਹ ਮੱਧ ਪੂਰਬ ਵਿਚ ਅਮਰੀਕੀ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਏਗਾ।
ਮੇਹਰ ਨਿਊਜ਼ ਸੂਤਰਾਂ ਅਨੁਸਾਰ ਇਹ ਹਮਲਾ ਸੀਰੀਆ ਦੇ ਪੱਛਮੀ ਹਸਾਕਾ ਪ੍ਰਾਂਤ ਵਿਚ ਅਮਰੀਕੀ ਫੌਜੀ ਠਿਕਾਣਿਆਂ ‘ਤੇ ਮੋਰਟਾਰ ਨਾਲ ਕੀਤਾ ਗਿਆ। ਹਮਲੇ ਤੋਂ ਬਾਅਦ ਮੁੱਖ ਗੇਟ ‘ਤੇ ਸੁਰੱਖਿਆ ਸਖ਼ਤ ਕਰ ਦਿਤੀ ਗਈ ਹੈ।
ਸੰਯੁਕਤ ਰਾਸ਼ਟਰ ਵਿਚ ਇਰਾਨ ਦੇ ਰਾਜਦੂਤ ਅਮੀਰ ਸਈਦ ਇਰਾਵਾਨੀ ਨੇ ਤਿੰਨ ਥਾਵਾਂ ‘ਤੇ ਜਵਾਬੀ ਹਮਲੇ ਦਾ ਸੰਕੇਤ ਦਿਤਾ ਹੈ। ਉਨ੍ਹਾਂ ਕਿਹਾ ਕਿ ਇਰਾਨ ਅਮਰੀਕਾ ਨੂੰ ਅਮਰੀਕਾ ਦੁਆਰਾ ਕੀਤੇ ਗਏ ਨੁਕਸਾਨ ਬਰਾਬਰ ਜਵਾਬ ਦੇਵੇਗਾ।
ਇਰਾਨ ਨੇ ਦੋਸ਼ ਲਗਾਇਆ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਜ਼ਰਾਈਲ ਦੇ ਸਮਰਥਨ ਵਿਚ ਆਪਣੇ ਸੈਨਿਕਾਂ ਨੂੰ ਖਤਰੇ ਵਿਚ ਪਾ ਰਹੇ ਹਨ। ਇਸ ਦੇ ਨਾਲ ਹੀ ਇਰਾਨ ਨੇ ਅਮਰੀਕਾ ਦੇ ਖਿਲਾਫ ਪੰਜ ਜਾਇਜ਼ ਕਾਰਨ ਵੀ ਸੂਚੀਬੱਧ ਕੀਤੇ ਹਨ।
ਇਰਾਕ ਵਿਚ ਸਭ ਤੋਂ ਵੱਡਾ ਅਮਰੀਕੀ ਅੱਡਾ ਇਰਾਨ ਦੇ ਨੇੜੇ ਹੋਣ ਦੇ ਬਾਵਜੂਦ ਸੀਰੀਆ ਵਿਚ ਅਮਰੀਕੀ ਠਿਕਾਣਿਆਂ ਦੀ ਨੇੜਤਾ ਵੀ ਮਹੱਤਵਪੂਰਨ ਹੈ। ਇਰਾਨ ਤੋਂ ਲਗਭਗ 1100 ਕਿਲੋਮੀਟਰ ਦੂਰ ਹਸਾਕਾ ਪ੍ਰਾਂਤ ‘ਤੇ ਇਸ ਹਮਲੇ ਵਿਚ ਹੋਏ ਨੁਕਸਾਨ ਦੀ ਹਾਲੇ ਜਾਣਕਾਰੀ ਨਹੀਂ ਮਿਲੀ ਹੈ। ਬਸ਼ਰ ਅਲ-ਅਸਦ ਦੇ ਰਾਜ ਦੌਰਾਨ ਇਰਾਨ ਦਾ ਸੀਰੀਆ ‘ਤੇ ਮਜ਼ਬੂਤ ਪ੍ਰਭਾਵ ਰਿਹਾ ਹੈ ਅਤੇ ਇਸਦੀ ਪ੍ਰੌਕਸੀ ਮਿਲੀਸ਼ੀਆ ਅੱਜ ਵੀ ਸਰਗਰਮ ਹੈ।
