8 ਦਿਨ ਬਾਅਦ ਹੋਇਆ ਆਈ.ਪੀ.ਐਸ. ਪੂਰਨ ਕੁਮਾਰ ਦਾ ਸਸਕਾਰ


ਚੰਡੀਗੜ੍ਹ ਦੇ ਸੈਕਟਰ 25 ਦੇ ਸ਼ਮਸ਼ਾਨਘਾਟ ਵਿਚ ਨਿਭਾਈਆਂ ਅੰਤਮ ਰਸਮਾਂ
(ਦੁਰਗੇਸ਼ ਗਾਜਰੀ)
ਚੰਡੀਗੜ੍ਹ, 15 ਅਕਤੂਬਰ : ਹਰਿਆਣਾ ਪੁਲਿਸ ਦੇ ਏ.ਡੀ.ਜੀ.ਪੀ. ਵਾਈ ਪੂਰਨ ਕੁਮਾਰ ਦਾ ਅਖ਼ੀਰ ਅੱਜ ਅੰਤਿਮ ਸਸਕਾਰ ਕਰ ਦਿਤਾ ਗਿਆ ਹੈ। ਆਈ.ਪੀ.ਐਸ ਰੈਂਕ ਦੇ ਅਧਿਕਾਰੀ ਦਾ ਅੰਤਿਮ ਸਸਕਾਰ 8 ਦਿਨਾਂ ਬਾਅਦ ਚੰਡੀਗੜ੍ਹ ਦੇ ਸੈਕਟਰ 25 ਦੇ ਸ਼ਮਸ਼ਾਨਘਾਟ ’ਚ ਕੀਤਾ ਗਿਆ, ਜਿਥੇ ਪਰਿਵਾਰ ਨੇ ਅੰਤਮ ਰਸਮਾਂ ਪੂਰੀਆਂ ਕੀਤੀਆਂ। ਉਪਰੰਤ, ਅਧਿਕਾਰੀ ਨੂੰ ਉਨ੍ਹਾਂ ਦੀਆਂ ਦੋਵੇਂ ਧੀਆਂ ਨੇ ਰੋਂਦੇ ਹੋਏ ਭਰੇ ਮਨ ਨਾਲ ਅਗਨੀ ਵਿਖਾਈ। ਇਸ ਤੋਂ ਪਹਿਲਾਂ ਦੁਪਹਿਰ ਸਮੇਂ ਪੂਰਨ ਕੁਮਾਰ ਦੀ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਕੀਤਾ ਗਿਆ ਸੀ, ਜਿਸ ਤੋਂ ਬਾਅਦ ਦੇਹ ਨੂੰ ਸੈਕਟਰ 25 ਦੇ ਸ਼ਮਸ਼ਾਨਘਾਟ ਵਿਚ ਲਿਆਂਦਾ ਗਿਆ। ਇਸ ਮੌਕੇ ਅਧਿਕਾਰੀ ਨੂੰ ਅਗਨੀ ਤੋਂ ਪਹਿਲਾਂ ਰਸਮਾਂ ਅਨੁਸਾਰ, ਇਕ ਪੁਲਿਸ ਟੁਕੜੀ ਨੇ ਉਨ੍ਹਾਂ ਨੂੰ ਸਲਾਮੀ ਦਿਤੀ ਅਤੇ ਵੱਡੀ ਗਿਣਤੀ ਵਿਚ ਪੁਲਿਸ, ਪ੍ਰਸ਼ਾਸਨ ਅਤੇ ਸਰਕਾਰੀ ਪ੍ਰਤੀਨਿਧਾਂ ਨੇ ਸ਼ਰਧਾਂਜਲੀ ਭੇਟ ਕੀਤੀ। ਫਿਰ ਆਈਪੀਐਸ ਅਧਿਕਾਰੀ ਦੀਆਂ ਦੋ ਧੀਆਂ ਨੇ ਅੰਤਿਮ ਸੰਸਕਾਰ ਦੀ ਚਿਤਾ ਨੂੰ ਅਗਨੀ ਦਿੱਤੀ। ਆਈਪੀਐਸ ਅਧਿਕਾਰੀ ਦੀ ਪਤਨੀ, ਆਈਏਐਸ ਅਮਾਨਿਤ ਪੀ. ਕੁਮਾਰ, ਕੈਬਨਿਟ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਅਤੇ ਸ਼ਿਆਮ ਸਿੰਘ ਰਾਣਾ, ਏਸੀਐਸ ਗ੍ਰਹਿ ਸੁਮਿਤਾ ਮਿਸ਼ਰਾ, ਸੀਐਸ ਅਨੁਰਾਗ ਰਸਤੋਗੀ ਅਤੇ ਨਵੇਂ ਨਿਯੁਕਤ ਡੀਜੀਪੀ ਓਪੀ ਸਿੰਘ ਦੇ ਨਾਲ ਮੌਕੇ ‘ਤੇ ਮੌਜੂਦ ਸਨ। ਪੂਰਨ ਕੁਮਾਰ ਦੀ ਖੁਦਕੁਸ਼ੀ ਤੋਂ ਨੌਵੇਂ ਦਿਨ ਸਵੇਰੇ, ਚੰਡੀਗੜ੍ਹ ਪੀਜੀਆਈ ਵਿਖੇ ਉਸ ਦਾ ਪੋਸਟਮਾਰਟਮ ਕੀਤਾ ਗਿਆ। ਇਕ ਮੈਜਿਸਟ੍ਰੇਟ ਦੀ ਮੌਜੂਦਗੀ ਵਿਚ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਗਈ। ਪੂਰੀ ਪ੍ਰਕਿਰਿਆ ਵਿਚ ਲਗਭਗ ਚਾਰ ਘੰਟੇ ਲੱਗੇ। ਦੁਪਹਿਰ 2:20 ਵਜੇ, ਇੱਕ ਐਂਬੂਲੈਂਸ ਸੈਕਟਰ 24 ਦੇ ਨਿਵਾਸ ‘ਤੇ ਪੂਰਨ ਕੁਮਾਰ ਦੀ ਲਾਸ਼ ਲੈ ਕੇ ਪਹੁੰਚੀ। ਸੀਨੀਅਰ ਆਈਪੀਐਸ ਅਧਿਕਾਰੀ ਨੇ 7 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਆਪਣੇ ਸਰਕਾਰੀ ਬੰਗਲੇ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ।