ਪੰਜਾਬੀ ਯੂਨੀਵਰਸਿਟੀ ਵਿਖੇ ਬਾਇਓ ਐਂਟਰਪ੍ਰੀਨਿਓਰਸ਼ਿਪ ‘ਤੇ ਅੰਤਰਰਾਸ਼ਟਰੀ ਕਾਨਫਰੰਸ ਸੰਪੰਨ

0
0f533a72-ad37-4c5f-9367-f5013ce57cec (1)

ਪਟਿਆਲਾ, 5 ਫਰਵਰੀ (ਰਾਜਿੰਦਰ ਸਿੰਘ ਥਿੰਦ) : ਪੰਜਾਬੀ ਯੂਨੀਵਰਸਿਟੀ ਵਿਖੇ ‘ਬਾਇਓਐਂਟਰਪ੍ਰੀਨਿਓਰਸ਼ਿਪ ਵਿਸ਼ੇ ‘ਤੇ ਕਰਵਾਈ ਗਈ ਦੋ-ਰੋਜ਼ਾ ਅੰਤਰ-ਰਾਸ਼ਟਰੀ ਕਾਨਫ਼ਰੰਸ ਆਖ਼ਰੀ ਦਿਨ ਦੋ ਅਕਾਦਮਿਕ ਸੈਸ਼ਨਾਂ ਅਤੇ ਸਮਾਪਤੀ ਸਮਾਰੋਹ ਉਪਰੰਤ ਸਫਲਤਾਪੂਰਵਕ ਸੰਪੰਨ ਹੋ ਗਈ। ਬਾਇਓਟੈਕਨਾਲੋਜੀ ਵਿੱਚ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ਼ ਕਰਵਾਈ ਇਸ ਕਾਨਫ਼ਰੰਸ ਦੇ ਵਿਦਾਇਗੀ ਸੈਸ਼ਨ ਮੌਕੇ ਡੀਨ ਖੋਜ ਪ੍ਰੋ. ਰੀਤੂ ਲਹਿਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋ. ਰੀਤੂ ਲਹਿਲ ਨੇ ਆਪਣੇ ਸੰਬੋਧਨ ਵਿੱਚ ਅਕਾਦਮਿਕ ਸਹਿਯੋਗ ਅਤੇ ਉੱਦਮੀ ਸੋਚ ਨੂੰ ਉਤਸ਼ਾਹਿਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਇਸ ਮੌਕੇ ਵਧੀਕ ਡੀਨ ਖੋਜ ਪ੍ਰੋ. ਮਿੰਨੀ ਸਿੰਘ ਅਤੇ ਲਾਈਫ ਸਾਇੰਸਿਜ਼ ਫ਼ੈਕਲਟੀ ਦੇ ਡੀਨ ਪ੍ਰੋ. ਬਲਜਿੰਦਰ ਕੌਰ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਵਿਦਾਇਗੀ ਸੈਸ਼ਨ ਦੀ ਸ਼ੁਰੂਆਤ ਕਾਨਫ਼ਰੰਸ ਦੇ ਕੋ-ਕਨਵੀਨਰ ਪ੍ਰੋ. ਬਲਵਿੰਦਰ ਸਿੰਘ ਸੂਚ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਬਾਇਓਟੈਕਨਾਲੋਜੀ ਅਤੇ ਫੂਡ ਟੈਕਨਾਲੋਜੀ ਵਿਭਾਗ ਦੇ ਮੁਖੀ ਡਾ. ਰਣਜੀਤਾ ਬਾਹਰੀ ਨੇ ਕਾਨਫ਼ਰੰਸ ਦੀ ਵਿਸਤ੍ਰਿਤ ਰਿਪੋਰਟ ਪੇਸ਼ ਕੀਤੀ। ਵਿਦਾਇਗੀ ਸੈਸ਼ਨ ਦੌਰਾਨ ‘ਪੋਸਟਰ ਪੇਸ਼ਕਾਰੀਆਂ’ ਲਈ ਨੌਜਵਾਨ ਖੋਜਾਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਧੰਨਵਾਦੀ ਭਾਸ਼ਣ ਹਰਪ੍ਰੀਤ ਕੌਰ ਨੇ ਦਿੱਤਾ। ਵਿਦਾਇਗੀ ਸੈਸ਼ਨ ਤੋਂ ਪਹਿਲਾਂ ਕਾਨਫ਼ਰੰਸ ਦੇ ਪਹਿਲੇ ਅਕਾਦਮਿਕ ਸੈਸ਼ਨ ਵਿੱਚ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਦੇ ਡੀਨ ਡਾ. ਪਰਵੀਨ ਬਾਂਸਲ ਨੇ ‘ਭਾਰਤੀ ਗਿਆਨ ਪ੍ਰਣਾਲੀ’ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਿਵੇਂ ਵੱਖ-ਵੱਖ ਸੰਸਥਾਵਾਂ ਇਸ ਪ੍ਰਾਚੀਨ ਗਿਆਨ ਨੂੰ ਵਿਗਿਆਨ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਯਤਨਸ਼ੀਲ ਹਨ। ਇਸ ਉਪਰੰਤ ਅਮੋਜਨ ਫਾਰਮਾ, ਹੈਦਰਾਬਾਦ ਦੇ ਪ੍ਰਧਾਨ ਡਾ. ਮਨਪ੍ਰੀਤ ਸਿੰਘ ਨੇ ਆਨਲਾਈਨ ਪੇਸ਼ਕਾਰੀ ਰਾਹੀਂ ਭਾਰਤ ਵਿੱਚ ਜੀ.ਐੱਲ.ਪੀ-1 ਟਾਰਗੇਟਸ ਦੇ ਉਤਪਾਦਨ ਅਤੇ ਇਸ ਦੇ ਬਾਜ਼ਾਰ ਬਾਰੇ ਚਰਚਾ ਕੀਤੀ। ਦੂਜੇ ਸੈਸ਼ਨ ਵਿੱਚ ‘ਚੀਅਰਜ਼ ਫੂਡਜ਼’ ਫ਼ਰਮ ਤੋਂ ਸ਼੍ਰੀ ਹਰਿੰਦਰ ਲਾਂਬਾ ਨੇ ਆਪਣੀ ਕੰਪਨੀ ਦੇ ਗਲੂਟਨ-ਮੁਕਤ ਉਤਪਾਦਾਂ ਬਾਰੇ ਦੱਸਿਆ ਅਤੇ ਵਿਦਿਆਰਥੀਆਂ ਨੂੰ ਲੋੜ ਅਧਾਰਤ ਪਹੁੰਚ ਅਪਣਾ ਕੇ ਉੱਦਮਤਾ ਦੇ ਖੇਤਰ ਵਿੱਚ ਆਉਣ ਲਈ ਪ੍ਰੇਰਿਤ ਕੀਤਾ।

Leave a Reply

Your email address will not be published. Required fields are marked *