ਭਾਰਤੀ ਮੂਲ ਦੇ ਸਿੱਖ ਜੈ ਸਿੰਘ ਸੋਹਲ ਨੂੰ ਮਿਲਿਆ ਬ੍ਰਿਟਿਸ਼ ਐਂਪਾਇਰ ਐਵਾਰਡ


ਬ੍ਰਿਟਿਸ਼ ਫ਼ੌਜ ਵਿਚ ਹੈ ਅਫ਼ਸਰ
(ਨਿਊਜ਼ ਟਾਊਨ ਨੈਟਵਰਕ)
ਲੰਡਨ, 10 ਦਸੰਬਰ : ਭਾਰਤੀ ਮੂਲ ਦੇ ਬ੍ਰਿਟਿਸ਼ ਸਿੱਖ ਜੈ ਸਿੰਘ ਸੋਹਲ ਨੂੰ ਆਰਡਰ ਆਫ਼ ਦ ਬ੍ਰਿਟਿਸ਼ ਐਂਪਾਇਰ ਨਾਲ ਸਨਮਾਨਿਤ ਕੀਤਾ ਗਿਆ ਹੈ। ਬ੍ਰਿਟੇਨ ਦੀ ਰਾਜਕੁਮਾਰੀ ਐਨ ਨੇ ਉਨ੍ਹਾਂ ਨੂੰ ਸੇਂਟ ਜੇਮਜ਼ ਪੈਲੇਸ ਵਿਖੇ ਇਹ ਸਨਮਾਨ ਦਿਤਾ। ਉਨ੍ਹਾਂ ਨੂੰ ਪਹਿਲੇ ਵਿਸ਼ਵ ਯੁੱਧ ਵਿਚ ਸ਼ਹੀਦ ਹੋਏ ਸਿੱਖ ਸੈਨਿਕਾਂ ਦੇ ਸਨਮਾਨ ਲਈ ਪਹਿਲੀ ਯਾਦਗਾਰ ਬਣਾਉਣ ਲਈ OBE ਪ੍ਰਾਪਤ ਹੋਇਆ। ਉਨ੍ਹਾਂ ਨੇ 2015 ਵਿੱਚ ਇਸ ਯਾਦਗਾਰ ਨੂੰ ਸ਼ੁਰੂ ਕੀਤਾ। ਜੈ ਸਿੰਘ ਸੋਹਲ ਜਲੰਧਰ, ਪੰਜਾਬ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਦਾਦਾ-ਦਾਦੀ 1960 ਦੇ ਦਹਾਕੇ ਵਿਚ ਭਾਰਤ ਛੱਡ ਕੇ ਬ੍ਰਿਟੇਨ ਚਲੇ ਗਏ ਸਨ ਅਤੇ ਉਥੇ ਹੀ ਵਸ ਗਏ ਸਨ। ਉਨ੍ਹਾਂ ਦੇ ਨਾਨਾ-ਨਾਨੀ ਕਪੂਰਥਲਾ ਤੋਂ ਸਨ। ਬਰਮਿੰਘਮ ਵਿਚ ਜਨਮੇ, ਸੋਹਲ ਨੇ ਲੰਡਨ ਦੀ ਬਰੂਨਲ ਯੂਨੀਵਰਸਿਟੀ ਤੋਂ ਰਾਜਨੀਤੀ ਅਤੇ ਸਮਾਜਿਕ ਨੀਤੀ ਵਿਚ ਗ੍ਰੈਜੂਏਸ਼ਨ ਕੀਤੀ। ਫਿਰ ਉਨ੍ਹਾਂ ਨੇ ਪੱਤਰਕਾਰੀ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ। ਉਨ੍ਹਾਂ ਦੇ ਪਿਤਾ ਇੱਕ ਸਮਾਜ ਸੇਵਕ ਸਨ ਅਤੇ ਬਰਮਿੰਘਮ ਵਿਚ ਕੰਮ ਕਰਦੇ ਸਨ।
