ਬੰਗਲਾਦੇਸ਼ੀ ਆਖ ਕੇ ਭਾਰਤੀ ਮੁਸਲਿਮ ਨੂੰ ਬੰਗਲਾਦੇਸ਼ ਸੁੱਟਿਆ


ਰੌਲਾ ਪੈਣ ਤੋਂ ਬਾਅਦ ਚਾਰ ਹੋਰਾਂ ਵੀ ਨੂੰ ਵਾਪਸ ਲਿਆਉਣਾ ਪਿਆ
(ਨਿਊਜ਼ ਟਾਊਨ ਨੈਟਵਰਕ)
ਮੁੰਬਈ, 9 ਜੁਲਾਈ : ਪਛਮੀ ਬੰਗਾਲ ਦੇ ਜ਼ਿਲ੍ਹਾ ਮੁਰਸ਼ਿਦਾਬਾਦ ਦਾ ਵਾਸੀ ਮਹਿਬੂਬ ਸ਼ੇਖ਼ ਮਿਹਨਤ ਅਤੇ ਮਜ਼ਦੂਰੀ ਕਰਨ ਲਈ ਮਹਾਰਾਸ਼ਟਰ ਦੇ ਜ਼ਿਲ੍ਹਾ ਪੂਣੇ ਤਾਂ ਚਲਿਆ ਗਿਆ ਕਿ ਉਸ ਉਤੇ ਮੁਸੀਬਤਾਂ ਦਾ ਪਹਾੜ ਟੁੱਟ ਗਿਆ। ਪੁਲਿਸ ਨੇ ਉਸ ਵਿਰੁਧ ਬੰਗਲਾਦੇਸ਼ੀ ਗ਼ੈਰ-ਕਾਨੂੰਨੀ ਪ੍ਰਵਾਸੀ ਹੋਣ ਦਾ ਦੋਸ਼ ਲਾ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਫਿਰ ਬੀ.ਐੱਸ.ਐੱਫ ਰਾਹੀਂ ਬੰਗਲਾਦੇਸ਼ ਵਿਚ ਧੱਕ ਦਿਤਾ। ਮਹਿਬੂਬ ਸ਼ੇ਼ਖ਼ ਦੇ ਪਰਿਵਾਰ ਨੇ ਮਹਾਰਾਸ਼ਟਰ ਪੁਲਿਸ ਨੂੰ ਬਹੁਤ ਸਮਝਾਇਆ ਕਿ ਉਹ ਭਾਰਤ ਦਾ ਨਾਗਰਿਕ ਹੈ ਅਤੇ ਉਸ ਕੋਲ਼ ਨਾਗਰਿਕਤਾ ਸਾਬਤ ਕਰਨ ਲਈ ਸਾਰੇ ਦਸਤਾਵੇਜ਼ ਮੌਜੂਦ ਹਨ ਪਰ ਮਹਾਰਾਸ਼ਟਰ ਪੁਲਿਸ ਉਤੇ ਇਸ ਦਾ ਕੋਈ ਅਸਰ ਨਾ ਹੋਇਆ। ਜਦ ਇਹ ਖ਼ਬਰ ਸੋਸ਼ਲ ਮੀਡੀਆ ਰਾਹੀਂ ਦੇਸ਼-ਵਿਦੇਸ਼ ਵਿਚ ਫੈਲ ਗਈ ਤਾਂ ਮਹਿਬੂਬ ਸ਼ੇਖ਼ ਦੇ ਨਾਲ-ਨਾਲ ਚਾਰ ਹੋਰ ਭਾਰਤੀ ਨਾਗਰਿਕਾਂ ਨੂੰ ਬੰਗਲਾਦੇਸ਼ ਤੋਂ ਵਾਪਸ ਭਾਰਤ ਲਿਆਉਣਾ ਪਿਆ। ਇਹ ਕੋਈ ਇਕੱਲਾ ਮਾਮਲਾ ਨਹੀਂ। ਪਿਛਲੇ ਹਫ਼ਤਿਆਂ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਅਜਿਹੀਆਂ ਖ਼ਬਰਾਂ ਆਈਆਂ ਕਿ ਬੰਗਲਾ ਬੋਲਣ ਵਾਲ਼ੇ ਮੁਸਲਮਾਨਾਂ ਨੂੰ ਬੰਗਲਾਦੇਸ਼ੀ ਕਹਿ ਕੇ ਪ੍ਰਸ਼ਾਸਨ ਵਲੋਂ ਬਹੁਤ ਤੰਗ ਕੀਤਾ ਜਾ ਰਿਹਾ ਹੈ।