ਭਾਰਤ ਅਤਿਵਾਦ ਵਿਰੁੱਧ ਆਪਣੀ ਜ਼ੀਰੋ ਟਾਲਰੈਂਸ ਨੀਤੀ ‘ਤੇ ਦ੍ਰਿੜ: ਜੈਸ਼ੰਕਰ

ਕਿਹਾ- ਅਤਿਵਾਦੀ ਹਮਲਿਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ

ਵਾਸ਼ਿੰਗਟਨ, 3 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿਚ ਮੀਡੀਆ ਨੂੰ ਦੱਸਿਆ ਕਿ ਭਾਰਤ ਅਤਿਵਾਦ ਵਿਰੁੱਧ ਆਪਣੀ ਜ਼ੀਰੋ ਟਾਲਰੈਂਸ ਨੀਤੀ ‘ਤੇ ਦ੍ਰਿੜ ਹੈ। ਅਤਿਵਾਦੀ ਸਮੂਹਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਇਹ ਸਪੱਸ਼ਟ ਤੌਰ ‘ਤੇ ਸਮਝਣਾ ਚਾਹੀਦਾ ਹੈ। 7 ਮਈ ਨੂੰ ਸ਼ੁਰੂ ਹੋਏ ਆਪ੍ਰੇਸ਼ਨ ਸਿੰਦੂਰ ਦਾ ਹਵਾਲਾ ਦਿੰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਅਤਿਵਾਦੀ ਹਮਲਿਆਂ ਲਈ ਜ਼ਿੰਮੇਵਾਰ ਲੋਕਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ।
ਜੈਸ਼ੰਕਰ ਨੇ ਕਿਹਾ- ਅਸੀਂ ਕਈ ਦਹਾਕਿਆਂ ਤੋਂ ਅਤਿਵਾਦ ਦਾ ਸਾਹਮਣਾ ਕਰ ਰਹੇ ਹਾਂ ਅਤੇ ਅੱਜ ਅਸੀਂ ਇਸ ਦਾ ਸਖ਼ਤ ਜਵਾਬ ਦੇ ਰਹੇ ਹਾਂ। ਸਾਨੂੰ ਆਪਣਾ ਬਚਾਅ ਕਰਨ ਦਾ ਅਧਿਕਾਰ ਹੈ। ਅਤਿਵਾਦ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਂਦਾ ਜਾਣਾ ਚਾਹੀਦਾ ਹੈ। ਜੈਸ਼ੰਕਰ ਨੇ ਪਿਛਲੇ 6 ਮਹੀਨਿਆਂ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਹੋਈਆਂ ਮੀਟਿੰਗਾਂ ਦੀ ਸਮੀਖਿਆ ਕੀਤੀ ਅਤੇ ਵਪਾਰ, ਨਿਵੇਸ਼, ਤਕਨਾਲੋਜੀ, ਰੱਖਿਆ, ਸੁਰੱਖਿਆ ਅਤੇ ਊਰਜਾ ਵਰਗੇ ਮੁੱਦਿਆਂ ‘ਤੇ ਚਰਚਾ ਕੀਤੀ।
ਉਨ੍ਹਾਂ ਨੇ ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨਾਲ ਰੱਖਿਆ ਅਤੇ ਊਰਜਾ ਮੁੱਦਿਆਂ ‘ਤੇ ਵੱਖ-ਵੱਖ ਚਰਚਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਆਸਟ੍ਰੇਲੀਆਈ ਵਿਦੇਸ਼ ਮੰਤਰੀ ਪੈਨੀ ਵੋਂਗ ਅਤੇ ਜਾਪਾਨੀ ਵਿਦੇਸ਼ ਮੰਤਰੀ ਤਾਕੇਸ਼ੀ ਇਵਾਯਾ ਨਾਲ ਵੀ ਗੱਲਬਾਤ ਕੀਤੀ।
