ਭਾਰਤ ਨੇ ਇੰਗਲੈਂਡ ‘ਚ ਖ਼ਾਲਿਸਤਾਨੀਆਂ ਵਿਰੁਧ ਕਾਰਵਾਈ ਦੀ ਕੀਤੀ ਮੰਗ


ਭਾਰਤ-ਇੰਗਲੈਂਡ ਵਿਚਾਲੇ ਮੁਕਤ ਵਪਾਰ ਸਮਝੌਤੇ ‘ਤੇ ਦਸਤਖ਼ਤ
ਭਾਰਤ ਦੇ 99% ਨਿਰਯਾਤ ‘ਤੇ ਟੈਰਿਫ਼ ਤੋਂ ਮਿਲੇਗੀ ਰਾਹਤ
ਬ੍ਰੈਕਸਿਟ ਮਗਰੋਂ ਇੰਗਲੈਂਡ ਦਾ ਇਹ ਸਭ ਤੋਂ ਵੱਡਾ ਵਪਾਰ ਸਮਝੌਤਾ
ਲੰਡਨ, 24 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵੇਲੇ ਇੰਗਲੈਂਡ ਦੇ ਦੌਰੇ ‘ਤੇ ਹਨ। ਵੀਰਵਾਰ ਨੂੰ ਲੰਡਨ ਵਿਚ ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਧਾਨ ਮੰਤਰੀ ਸਟਾਰਮਰ ਦੀ ਮੁਲਾਕਾਤ ਹੋਈ। ਇਸ ਮੌਕੇ ਪੀਐਮ ਮੋਦੀ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੂੰ ਕੱਟੜਪੰਥੀ ਸੋਚ ਵਾਲੇ ਲੋਕਾਂ ਵਿਰੁਧ ਕਾਰਵਾਈ ਕਰਨ ਦੀ ਅਪੀਲ ਕੀਤੀ। ਬ੍ਰਿਟਿਸ਼ ਪ੍ਰਧਾਨ ਮੰਤਰੀ ਨਾਲ ਆਪਣੀ ਮੁਲਾਕਾਤ ਦੌਰਾਨ ਮੋਦੀ ਨੇ ਕਿਹਾ ਕਿ ਲੋਕਤੰਤਰ ਨੂੰ ਕਮਜ਼ੋਰ ਕਰਨ ਲਈ ਲੋਕਤੰਤਰੀ ਆਜ਼ਾਦੀ ਦੀ ਦੁਰਵਰਤੋਂ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਮੋਦੀ ਨੇ ਕਿਹਾ ਕਿ ਆਜ਼ਾਦੀ ਦੇ ਨਾਮ ‘ਤੇ ਲੋਕਤੰਤਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਜ਼ਿੰਮੇਵਾਰ ਠਹਿਰਾਉਣਾ ਮਹੱਤਵਪੂਰਨ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਹ ਗੱਲ ਅਜਿਹੇ ਸਮੇਂ ਕਹੀ ਜਦੋਂ ਇੰਗਲੈਂਡ ਵਿਚ ਖਾਲਿਸਤਾਨ ਸਮਰਥਕਾਂ ਦਾ ਪ੍ਰਭਾਵ ਵੱਧ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਐਕਸ ‘ਤੇ ਪੋਸਟ ਕਰਦਿਆਂ ਕਿਹਾ – ਅਸੀਂ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਨ ਲਈ ਪ੍ਰਧਾਨ ਮੰਤਰੀ ਸਟਾਰਮਰ ਅਤੇ ਉਨ੍ਹਾਂ ਦੀ ਸਰਕਾਰ ਦੇ ਧੰਨਵਾਦੀ ਹਾਂ। ਅੱਤਵਾਦ ਵਿਰੁਧ ਲੜਾਈ ਵਿਚ ਕਿਸੇ ਵੀ ਤਰ੍ਹਾਂ ਦੇ ਦੋਹਰੇ ਮਾਪਦੰਡਾਂ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਮੋਦੀ ਨੇ ਇਹ ਵੀ ਕਿਹਾ ਕਿ ਇੰਗਲੈਂਡ ਨੂੰ ਭਾਰਤ ਤੋਂ ਭੱਜੇ ਆਰਥਿਕ ਅਪਰਾਧੀਆਂ ਨੂੰ ਵਾਪਸ ਲਿਆਉਣ ਲਈ ਸਹਿਯੋਗ ਕਰਨਾ ਚਾਹੀਦਾ ਹੈ।

ਇਸ ਦੇ ਨਾਲ ਹੀ ਅੱਜ ਭਾਰਤ ਅਤੇ ਇੰਗਲੈਂਡ ਵਿਚਕਾਰ ਇਕ ਮੁਕਤ ਵਪਾਰ ਸਮਝੌਤਾ (ਐਫ਼ਟੀਏ) ‘ਤੇ ਹਸਤਾਖਰ ਕੀਤੇ ਗਏ ਹਨ। ਵੀਰਵਾਰ ਨੂੰ ਲੰਡਨ ਵਿਚ ਪ੍ਰਧਾਨ ਮੰਤਰੀ ਮੋਦੀ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਮੌਜੂਦਗੀ ਵਿਚ ਇਸ ਸਮਝੌਤੇ ‘ਤੇ ਹਸਤਾਖਰ ਕੀਤੇ ਗਏ। ਇਸ ਸਬੰਧੀ ਦੋਵਾਂ ਦੇਸ਼ਾਂ ਵਿਚਕਾਰ 3 ਸਾਲਾਂ ਤੋਂ ਗੱਲਬਾਤ ਚੱਲ ਰਹੀ ਸੀ। ਸਮਝੌਤੇ ਤੋਂ ਬਾਅਦ ਨੇਤਾਵਾਂ ਨੇ ਇਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਸਮਝੌਤੇ ਨੂੰ ਇਤਿਹਾਸਕ ਦੱਸ ਕੇ ਖੁਸ਼ੀ ਪ੍ਰਗਟ ਕੀਤੀ। ਇਹ ਸਮਝੌਤਾ ਭਾਰਤ ਤੋਂ ਇੰਗਲੈਂਡ ਨੂੰ ਹੋਣ ਵਾਲੇ 99% ਨਿਰਯਾਤ ‘ਤੇ ਟੈਰਿਫ ਜਾਂ ਆਯਾਤ ਡਿਊਟੀਆਂ ਵਿਚ ਰਾਹਤ ਪ੍ਰਦਾਨ ਕਰੇਗਾ। ਇਸਦਾ ਮਤਲਬ ਹੈ ਕਿ ਭਾਰਤ ਤੋਂ ਇੰਗਲੈਂਡ ਭੇਜੇ ਜਾਣ ਵਾਲੇ ਸਮਾਨ ‘ਤੇ ਟੈਕਸ ਜਾਂ ਤਾਂ ਕਾਫ਼ੀ ਘੱਟ ਜਾਵੇਗਾ ਜਾਂ ਪੂਰੀ ਤਰ੍ਹਾਂ ਖਤਮ ਕਰ ਦਿਤਾ ਜਾਵੇਗਾ। ਇਸ ਦੇ ਨਾਲ ਹੀ ਇਹ ਸਮਝੌਤਾ ਬ੍ਰਿਟਿਸ਼ ਕੰਪਨੀਆਂ ਲਈ ਵੀ ਲਾਭਦਾਇਕ ਹੋਵੇਗਾ। ਹੁਣ ਉਨ੍ਹਾਂ ਲਈ ਭਾਰਤ ਵਿਚ ਵਿਸਕੀ, ਕਾਰਾਂ ਅਤੇ ਹੋਰ ਉਤਪਾਦ ਵੇਚਣਾ ਆਸਾਨ ਹੋ ਜਾਵੇਗਾ। ਭਾਰਤ ਇਨ੍ਹਾਂ ਉਤਪਾਦਾਂ ‘ਤੇ ਟੈਰਿਫ 15% ਤੋਂ ਘਟਾ ਕੇ 3% ਕਰ ਦੇਵੇਗਾ। ਸਮਝੌਤੇ ਨਾਲ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਹਰ ਸਾਲ ਲਗਭਗ 3 ਲੱਖ ਕਰੋੜ ਰੁਪਏ ਤਕ ਵਧ ਸਕਦਾ ਹੈ। ਇਸ ਮੌਕੇ ਪੀਅੇਮ ਮੋਦੀ ਨੇ ਭਾਰਤ-ਇੰਗਲੈਂਡ ਟੈਸਟ ਸੀਰੀਜ਼ ਦਾ ਵੀ ਜ਼ਿਕਰ ਕੀਤਾ। ਮੋਦੀ ਨੇ ਕਿਹਾ ਕਿ ਯੂਕੇ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕ ਸਾਡੇ ਸਬੰਧਾਂ ਵਿਚ ਇਕ ਜੀਵਤ ਪੁਲ ਵਜੋਂ ਕੰਮ ਕਰਦੇ ਹਨ। ਮੋਦੀ ਨੇ ਸਟਾਰਮਰ ਨੂੰ ਭਾਰਤ ਆਉਣ ਦਾ ਸੱਦਾ ਦਿਤਾ।

ਦੱਸਣਯੋਗ ਹੈ ਕਿ ਯੂਰਪੀਅਨ ਯੂਨੀਅਨ (ਬ੍ਰੈਕਸਿਟ) ਤੋਂ ਵੱਖ ਹੋਣ ਤੋਂ ਬਾਅਦ ਇਹ ਇੰਗਲੈਂਡ ਦਾ ਸਭ ਤੋਂ ਵੱਡਾ ਵਪਾਰ ਸਮਝੌਤਾ ਹੈ। ਇਸ ਸਮਝੌਤੇ ਨਾਲ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਵਿਚ 34 ਬਿਲੀਅਨ ਡਾਲਰ ਦਾ ਵਾਧਾ ਹੋਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਇੰਗਲੈਂਡ ਦਾ ਸਭ ਤੋਂ ਵੱਡਾ ਸਮਝੌਤਾ 2020 ਵਿਚ ਆਸਟ੍ਰੇਲੀਆ ਨਾਲ ਸੀ, ਜਿਸ ਦੇ ਤਹਿਤ ਦੋਵਾਂ ਦੇਸ਼ਾਂ ਵਿਚਕਾਰ ਵਪਾਰ 3.1 ਬਿਲੀਅਨ ਡਾਲਰ ਦਾ ਵਾਧਾ ਦਾ ਸਮਝੌਤਾ ਸੀ। ਬ੍ਰੈਕਸਿਟ ਤੋਂ ਬਾਅਦ ਇੰਗਲੈਂਡ ਹੁਣ ਤਕ 70 ਤੋਂ ਵੱਧ ਦੇਸ਼ਾਂ ਨਾਲ ਵਪਾਰਕ ਸਮਝੌਤੇ ਕਰ ਚੁੱਕਾ ਹੈ।
