ਵਧਿਆ ਬਿਆਸ ਦਾ ਪਾਣੀ, ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ‘ਚ ਜੁਟੀ NDRF


ਸੁਲਤਾਨਪੁਰ ਲੋਧੀ, 14 ਅਗਸਤ, 2025 ( ਨਿਊਜ਼ ਟਾਊਨ ਨੈੱਟਵਰਕ ) :
ਸੁਲਤਾਨਪੁਰ ਲੋਧੀ ਹਲਕੇ ਦੇ ਕੁਝ ਪਿੰਡਾਂ ਵਿਚ ਬਿਆਸ ਦਰਿਆ ਦਾ ਪਾਣੀ ਵਧਣ ਕਾਰਨ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਲਈ ਐਸ.ਡੀ.ਆਰ.ਐਫ. ਦੀਆਂ ਟੀਮਾਂ ਵਲੋਂ ਕੰਮ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਐਸ.ਡੀ.ਆਰ.ਐਫ. ਨੂੰ ਪਾਣੀ ਦਾ ਪੱਧਰ ਵਧਣ ਤੋਂ ਪਹਿਲਾਂ ਹੀ ਤਾਇਨਾਤ ਕਰਕੇ ਅਲਰਟ ਉੱਪਰ ਰੱਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਐਸ.ਡੀ.ਆਰ.ਐਫ ਦੇ ਟੀਮ ਕਮਾਂਡਰ ਇੰਸਪੈਕਟਰ ਦੀਪਕ ਦੀ ਅਗਵਾਈ ਹੇਠ ਟੀਮਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸੁੱਕੇ ਰਾਸ਼ਨ ਦੀ ਵੰਡ, ਪਸ਼ੂਆਂ ਲਈ ਸਾਈਲੇਜ ਤੇ ਪੀਣ ਵਾਲਾ ਪਾਣੀ ਵੀ ਲੋੜਵੰਦਾਂ ਦੇ ਘਰਾਂ ਤੱਕ ਕਿਸ਼ਤੀਆਂ ਰਾਹੀਂ ਪਹੁੰਚਾਇਆ ਜਾ ਰਿਹਾ ਹੈ।
ਉਨ੍ਹਾਂ ਨੀਵੇਂ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਣਾਏ ਗਏ ਰਾਹਤ ਕੈਂਪ ਵਿਚ ਪੁੱਜਣ ਤਾਂ ਜੋ ਕਿਸੇ ਵੀ ਜਾਨੀ-ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ। ਟੀਮ ਦੇ ਮੁਖੀ ਇੰਸਪੈਕਟਰ ਦੀਪਕ ਨੇ ਦੱਸਿਆ ਕਿ ਐਸ.ਡੀ.ਆਰ.ਐਫ. ਵਲੋਂ ਵੱਖ-ਵੱਖ ਕਿਸ਼ਤੀਆਂ ਰਾਹੀਂ ਪਾਣੀ ਵਿਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਿਆ ਜਾ ਰਿਹਾ ਹੈ।