ਅਕਾਲ ਯੂਨੀਵਰਸਿਟੀ ਵਿੱਚ ਦੋ ਅਧੁਨਿਕ ਰਿਸਰਚ ਲੈਬੋਰਟਰੀਆਂ ਦਾ ਉਦਘਾਟਨ


ਤਲਵੰਡੀ ਸਾਬੋ, 14 ਫਰਵਰੀ (ਗੁਰਜੰਟ ਸਿੰਘ ਨਥੇਹਾ)- ਅਕਾਲ ਯੂਨੀਵਰਸਿਟੀ ਨੇ ਵਿਗਿਆਨਕ ਖੋਜ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਣ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ ਭੌਤਿਕ ਵਿਗਿਆਨ ਵਿਭਾਗ ਵਿੱਚ ਦੋ ਅਧੁਨਿਕ ਰਿਸਰਚ ਲੈਬੋਰਟਰੀਆਂ ਦਾ ਉਦਘਾਟਨ ਕੀਤਾ। ਇਹ ਸਮਾਰੋਹ ਯੂਨੀਵਰਸਿਟੀ ਦੇ ਮਾਣਯੋਗ ਚਾਂਸਲਰ ਡਾ. ਦਵਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ। ਇਸ ਮੌਕੇ 50 ਤੋਂ ਵੱਧ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਹਾਜ਼ਰੀ ਭਰੀ। ਉਦਘਾਟਨ ਕੀਤੀਆਂ ਲੈਬੋਰਟਰੀਆਂ ਵਿੱਚ “ਅਡਵਾਂਸਡ ਨੈਨੋਮੈਟਰੀਅਲਜ਼ ਐਂਡ ਐਨਰਜੀ ਐਪਲੀਕੇਸ਼ਨਜ਼ ਲੈਬੋਰਟਰੀ” ਅਤੇ “ਐਕਸਪੇਰੀਮੈਂਟਲ ਨਿਊਕਲੀਅਰ ਫਿਜ਼ਿਕਸ ਲੈਬੋਰਟਰੀ” ਸ਼ਾਮਲ ਹਨ। ਦੋਨੋਂ ਲੈਬੋਰਟਰੀਆਂ ਦੇ ਸ਼ੁਰੂ ਹੋਣ ਨਾਲ ਯੂਨੀਵਰਸਿਟੀ ਦੀ ਖੋਜ ਯੋਗਤਾ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ, ਜਿਸ ਨਾਲ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਉੱਚ ਪੱਧਰੀ ਪ੍ਰਯੋਗਾਤਮਕ ਸਹੂਲਤਾਂ ਪ੍ਰਾਪਤ ਹੋਣਗੀਆਂ। ਸਮਾਰੋਹ ਦੌਰਾਨ ਵਾਈਸ ਚਾਂਸਲਰ ਪ੍ਰੋਫ਼ੈਸਰ ਗੁਰਮੇਲ ਸਿੰਘ, ਰਜਿਸਟਰਾਰ ਡਾ. ਸਵਰਨ ਸਿੰਘ, ਡੀਨ ਅਕਾਦਮਿਕ ਮਾਮਲੇ, ਡੀ.ਐੱਸ.ਡਬਲਯੂ., ਭੌਤਿਕ ਵਿਗਿਆਨ ਵਿਭਾਗ ਦੇ ਮੁੱਖੀ ਅਤੇ ਸਾਰੇ ਅਧਿਆਪਕ ਵੀ ਹਾਜਰ ਰਹੇ। ਸਭ ਨੇ ਨਵੀਂ ਲੈਬੋਰਟਰੀਆਂ ਦਾ ਨਿਰੀਖਣ ਕੀਤਾ ਅਤੇ ਯੂਨੀਵਰਸਿਟੀ ਵੱਲੋਂ ਸੰਸ਼ੋਧਨ ਦੇ ਖੇਤਰ ਵਿੱਚ ਹੋ ਰਹੇ ਉਤਸ਼ਾਹਜਨਕ ਯਤਨਾਂ ਦੀ ਸ਼ਲਾਘਾ ਕੀਤੀ। ਅਡਵਾਂਸਡ ਨੈਨੋਮੈਟਰੀਅਲਜ਼ ਅਤੇ ਐਨਰਜੀ ਐਪਲੀਕੇਸ਼ਨਜ਼ ਲੈਬੋਰਟਰੀ ਨੂੰ ਨੈਨੋਮੈਟਰੀਅਲ ਤਿਆਰੀ, ਊਰਜਾ ਸਟੋਰੇਜ ਅਤੇ ਹਾਰਵੇਸਟਿੰਗ ਸਮੱਗਰੀਆਂ ਅਤੇ ਥਿਨ ਫਿਲਮ ਫੈਬਰਿਕੇਸ਼ਨ ਸਬੰਧੀ ਉੱਚ ਪੱਧਰੀ ਖੋਜ ਲਈ ਤਿਆਰ ਕੀਤਾ ਗਿਆ ਹੈ। ਇਸ ਲੈਬੋਰਟਰੀ ਵਿੱਚ ਸੰਬੰਧਿਤ ਨਵੇਂ ਯੰਤਰ ਵਿਦਿਆਰਥੀਆਂ ਨੂੰ ਅੰਤਰ-ਰਾਸ਼ਟਰੀ ਪੱਧਰ ਦੀ ਖੋਜ ਕਰਨ ਲਈ ਪੂਰੀ ਸਹੂਲਤ ਪ੍ਰਦਾਨ ਕਰਨਗੇ। ਇਸ ਤੋਂ ਬਾਅਦ, ਐਕਸਪੇਰੀਮੈਂਟਲ ਨਿਊਕਲੀਅਰ ਫਿਜ਼ਿਕਸ ਲੈਬੋਰਟਰੀ ਦਾ ਉਦਘਾਟਨ ਕੀਤਾ ਗਿਆ। ਇਸ ਲੈਬੋਰਟਰੀ ਵਿੱਚ ਨਿਊਕਲੀਅਰ ਰੇਡੀਏਸ਼ਨ ਦੀ ਪਛਾਣ ਅਤੇ ਨਿਊਕਲੀਅਰ ਫਿਜ਼ਿਕਸ ਦੇ ਵਿਭਿੰਨ ਪ੍ਰਯੋਗ ਕਰਨ ਲਈ ਅਧੁਨਿਕ ਸਾਜੋ-ਸਾਮਾਨ ਸਥਾਪਿਤ ਕੀਤਾ ਗਿਆ ਹੈ। ਗਾਈਗਰ-ਮੁੱਲਰ ਕਾਊਂਟਰ ਅਤੇ ਸਕਿੰਟਿਲੇਸ਼ਨ ਸਪੈਕਟ੍ਰੋਮੀਟਰ ਵਰਗੇ ਉਪਕਰਣ ਵਿਦਿਆਰਥੀਆਂ ਨੂੰ ਵਿਵਹਾਰਕ ਸਿੱਖਿਆ ਪ੍ਰਦਾਨ ਕਰਨ ਵਿੱਚ ਮਦਦਗਾਰ ਸਾਬਿਤ ਹੋਣਗੇ। ਯੂਨੀਵਰਸਿਟੀ ਵੱਲੋਂ ਦੋ ਅਧੁਨਿਕ ਲੈਬੋਰਟਰੀਆਂ ਦੀ ਸਥਾਪਨਾ ਇਸ ਗੱਲ ਦਾ ਪ੍ਰਮਾਣ ਹੈ ਕਿ ਇਹ ਸੰਸਥਾ ਰਿਸਰਚ-ਕੇਂਦਰਤ ਅਕਾਦਮਿਕ ਵਾਤਾਵਰਣ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਸਮਰਪਿਤ ਹੈ। ਚਾਂਸਲਰ ਸਾਹਿਬ ਅਤੇ ਹੋਰ ਅਧਿਕਾਰੀਆਂ ਦੀ ਪ੍ਰੇਰਣਾਦਾਇਕ ਹਾਜ਼ਰੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਖੋਜ ਦੇ ਪ੍ਰਤੀ ਨਵਾਂ ਉਤਸ਼ਾਹ ਭਰਿਆ। ਸਮਾਰੋਹ ਦੇ ਅੰਤ ਵਿੱਚ ਧੰਨਵਾਦ ਦੀ ਰਸਮ ਅਦਾ ਕੀਤੀ ਗਈ। ਇਸ ਤਰ੍ਹਾਂ ਪ੍ਰਬੰਧਕਾਂ ਦੀ ਅਗਵਾਈ ਵਿਚ ਨਵੀਆਂ ਲੈਬਾਂ ਦੀ ਸਥਾਪਨਾ ਨਾਲ ਯੂਨੀਵਰਸਿਟੀ ਦਾ ਖੋਜ ਤੰਤ੍ਰ ਹੋਰ ਮਜ਼ਬੂਤ ਬਣਿਆ ਹੈ।
