ਰੂਸ ‘ਚ ਵਿਦਿਆਰਥਣਾਂ ਨੂੰ ਗਰਭਵਤੀ ਹੋਣ ‘ਤੇ ਮਿਲਣਗੇ 1 ਲੱਖ ਰੁਪਏ

0
russia_pregnant_news_23979806

ਨਵੀਂ ਦਿੱਲੀ, 9 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਰੂਸ ਅਤੇ ਯੂਕਰੇਨ ਵਿਚਕਾਰ ਪਿਛਲੇ ਤਿੰਨ ਸਾਲਾਂ ਤੋਂ ਜੰਗ ਚੱਲ ਰਹੀ ਹੈ। ਇਸ ਜੰਗ ਦਾ ਲੱਖਾਂ ਰੂਸੀ ਨਾਗਰਿਕਾਂ ਦੇ ਜੀਵਨ ‘ਤੇ ਸਿੱਧਾ ਅਸਰ ਪਿਆ ਹੈ। ਇਸ ਦੇ ਨਾਲ ਹੀ ਰੂਸ ਵਿਚ ਆਬਾਦੀ ਸੰਕਟ ਦੀ ਗੱਲ ਛਿੜੀ ਚੁਕੀ ਹੈ। ਪੁਤਿਨ ਪ੍ਰਸ਼ਾਸਨ ਰੂਸ ਵਿਚ ਡਿੱਗਦੀ ਆਬਾਦੀ ਦਰ ਨੂੰ ਰੋਕਣ ਲਈ ਕਈ ਮਹੱਤਵਪੂਰਨ ਯੋਜਨਾਵਾਂ ਚਲਾ ਰਿਹਾ ਹੈ। ਇਸ ਦੌਰਾਨ ਪੁਤਿਨ ਸਰਕਾਰ ਨੇ ਇਕ ਯੋਜਨਾ ਸ਼ੁਰੂ ਕੀਤੀ ਹੈ ਜਿਸਦੀ ਚਰਚਾ ਪੂਰੀ ਦੁਨੀਆ ਵਿਚ ਹੋ ਰਹੀ ਹੈ।
ਰੂਸੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਦੇਸ਼ ਦੇ ਹਾਈ ਸਕੂਲਾਂ ਅਤੇ ਕਾਲਜਾਂ ਵਿਚ ਪੜ੍ਹ ਰਹੀਆਂ ਵਿਦਿਆਰਥਣਾਂ ਨੂੰ ਗਰਭਵਤੀ ਹੋਣ ‘ਤੇ ਨਕਦ ਪ੍ਰੋਤਸਾਹਨ ਦੇਣ ਲਈ ਇਕ ਯੋਜਨਾ ਚਲਾਈ ਜਾਵੇਗੀ, ਹਾਲਾਂਕਿ, ਇਹ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਇਹ ਯੋਜਨਾ ਦੇਸ਼ ਭਰ ਵਿਚ ਚਲਾਈ ਜਾਵੇਗੀ ਜਾਂ ਕੁਝ ਖੇਤਰਾਂ ਵਿਚ।
ਮਾਸਕੋ ਟਾਈਮਜ਼ ਅਤੇ ਫਾਰਚੂਨ ਦੀ ਰਿਪੋਰਟ ਮੁਤਾਬਕ ਸਰਕਾਰ ਨੇ ਰੂਸ ਦੇ ਸਾਇਬੇਰੀਆ ਵਿਚ ਕੇਮੇਰੋਵੋ, ਕਰੇਲੀਆ, ਬ੍ਰਾਇਨਸਕ, ਓਰੀਓਲ, ਟੋਮਸਕ ਵਰਗੇ ਖੇਤਰਾਂ ਵਿਚ ਅਜਿਹੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ, ਜਿੱਥੇ ਸਕੂਲ ਜਾਂ ਕਾਲਜ ਵਿਚ ਪੜ੍ਹਦੀਆਂ ਵਿਦਿਆਰਥਣਾਂ ਘੱਟੋ-ਘੱਟ 22 ਹਫ਼ਤਿਆਂ ਦੀ ਗਰਭਵਤੀ ਹਨ ਅਤੇ ਸਰਕਾਰੀ ਮੈਟਰਨਿਟੀ ਕਲੀਨਿਕ ਵਿਚ ਰਜਿਸਟਰਡ ਹਨ ਤਾਂ ਉਨ੍ਹਾਂ ਨੂੰ 100,000 ਰੂਬਲ (ਲਗਭਗ 1 ਲੱਖ ਰੁਪਏ) ਤੱਕ ਦਾ ਇਕ ਵਾਰ ਦਾ ਨਕਦ ਬੋਨਸ ਦਿਤਾ ਜਾਂਦਾ ਹੈ।ਰੂਸੀ ਸਰਕਾਰ ਦੇ ਇਸ ਫੈਸਲੇ ‘ਤੇ ਉੱਥੋਂ ਦੀ ਜਨਤਾ ਦੀ ਰਾਏ ਵੰਡੀ ਹੋਈ ਹੈ। ਨਿਊਜ਼ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਰੂਸੀ ਪਬਲਿਕ ਓਪੀਨੀਅਨ ਰਿਸਰਚ ਸੈਂਟਰ ਦੁਆਰਾ ਕੀਤੇ ਗਏ ਇਕ ਸਰਵੇਖਣ ਵਿਚ ਪਾਇਆ ਗਿਆ ਕਿ 43 ਫ਼ੀ ਸਦ ਰੂਸੀ ਲੋਕ ਇਸ ਨੀਤੀ ਦਾ ਸਮਰਥਨ ਕਰਦੇ ਹਨ ਜਦਕਿ 40 ਫ਼ੀ ਸਦ ਲੋਕ ਇਸਦਾ ਵਿਰੋਧ ਕਰਦੇ ਹਨ। ਆਲੋਚਕਾਂ ਦਾ ਤਰਕ ਹੈ ਕਿ ਕਿਸ਼ੋਰ ਗਰਭ ਅਵਸਥਾ ਨੂੰ ਉਤਸ਼ਾਹਿਤ ਕਰਨਾ ਨੈਤਿਕ ਚਿੰਤਾਵਾਂ ਪੈਦਾ ਕਰਦਾ ਹੈ, ਜਦਕਿ ਸਮਰਥਕ ਇਸ ਨੂੰ ਆਬਾਦੀ ਵਿਚ ਗਿਰਾਵਟ ਨੂੰ ਰੋਕਣ ਲਈ ਇਕ ਜ਼ਰੂਰੀ ਕਦਮ ਮੰਨਦੇ ਹਨ।
ਰੂਸ-ਯੂਕਰੇਨ ਯੁੱਧ ਦੇ ਵਿਚਕਾਰ ਰਾਸ਼ਟਰਪਤੀ ਪੁਤਿਨ ਨੇ ਆਬਾਦੀ ਵਾਧੇ ਨੂੰ ਰਾਸ਼ਟਰੀ ਤਰਜੀਹ ਦਿਤੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਰੂਸ-ਯੂਕਰੇਨ ਯੁੱਧ ਵਿਚ 2,50,000 ਤੋਂ ਵੱਧ ਰੂਸੀ ਸੈਨਿਕਾਂ ਦੀ ਮੌਤ ਹੋ ਚੁਕੀ ਹੈ। ਇਸ ਦੇ ਨਾਲ ਹੀ ਲੱਖਾਂ ਨੌਜਵਾਨ ਦੇਸ਼ ਛੱਡ ਕੇ ਚਲੇ ਗਏ ਹਨ।
ਕਿਹਾ ਜਾ ਰਿਹਾ ਹੈ ਕਿ ਰੂਸ ਵਿਚ ਆਬਾਦੀ ਲਗਾਤਾਰ ਘੱਟ ਰਹੀ ਹੈ। ਫਾਰਚੂਨ ਦੀ ਇਕ ਰਿਪੋਰਟ ਮੁਤਾਬਕ 2024 ਦੇ ਪਹਿਲੇ ਅੱਧ ਦੌਰਾਨ ਰੂਸ ਵਿਚ ਸਿਰਫ 5,99,600 ਬੱਚੇ ਪੈਦਾ ਹੋਏ, ਜੋ ਕਿ 25 ਸਾਲਾਂ ਵਿਚ ਸਭ ਤੋਂ ਘੱਟ ਹਨ। ਪਿਛਲੇ ਸਾਲ ਜੁਲਾਈ ਵਿਚ ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਦੇਸ਼ ਦੀ ਘਟਦੀ ਆਬਾਦੀ ‘ਤੇ ਚਿੰਤਾ ਪ੍ਰਗਟ ਕੀਤੀ ਸੀ।
ਦੱਸਣਯੋਗ ਹੈ ਕਿ ਰੂਸ ਦੀ ਆਬਾਦੀ ਇਸ ਸਮੇਂ ਲਗਭਗ 146 ਮਿਲੀਅਨ ਹੈ। ਇਹ ਧਿਆਨਦੇਣ ਯੋਗ ਹੈ ਕਿ ਸੋਵੀਅਤ ਯੂਨੀਅਨ ਦੇ ਭੰਗ ਹੋਣ ਤੋਂ ਬਾਅਦ 1990 ਦੇ ਦਹਾਕੇ ਦੇ ਸ਼ੁਰੂ ਵਿਚ ਰੂਸ ਦੀ ਆਬਾਦੀ 148 ਮਿਲੀਅਨ (14.8 ਕਰੋੜ) ਸੀ। ਸਾਲ 2023 ਵਿਚ ਰੂਸ ਦੀ ਪ੍ਰਜਨਨ ਦਰ ਪ੍ਰਤੀ ਔਰਤ ਸਿਰਫ 1.41 ਸੀ। ਰੂਸ ਵਿਚ ਆਬਾਦੀ ਦੇ ਪੱਧਰ ਨੂੰ ਬਣਾਈ ਰੱਖਣ ਲਈ 2.05 ਪ੍ਰਜਨਨ ਦਰ ਪ੍ਰਤੀ ਔਰਤ ਹੋਣੀ ਜ਼ਰੂਰੀ ਹੈ।

Leave a Reply

Your email address will not be published. Required fields are marked *