ਬਠਿੰਡਾ ‘ਚ ਪਿਆ 150 ਫੁੱਟ ਚੌੜਾ ਪਾੜ, ਸੈਂਕੜੇ ਏਕੜ ਫਸਲ ਤਬਾਹ


ਪਿੰਡ ਭਗਵਾਨਪੁਰਾ ‘ਚ ਰਜਬਾਹੇ ‘ਚ ਦੂਜੀ ਵਾਰ ਪਿਆ ਪਾੜ
ਬਠਿੰਡਾ, 13 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਬਠਿੰਡਾ ਦੇ ਤਲਵੰਡੀ ਸਾਬੋ ਦੇ ਰਜਬਾਹੇ ਵਿਚ ਦੂਜੀ ਵਾਰ ਪਾੜ ਪੈਣ ਕਾਰਨ ਕਈ ਏਕੜ ਫਸਲਾਂ ਤਬਾਹ ਹੋ ਜਾਣ ਦੀ ਖ਼ਬਰ ਹੈ। ਕਿਸਾਨਾਂ ਦੇ ਦੱਸਣ ਅਨੁਸਾਰ ਪਾੜ ਉਸੇ ਥਾਂ ‘ਤੇ ਪਿਆ, ਜਿਥੇ ਪਹਿਲਾਂ ਪਿਆ ਸੀ। ਪਾੜ ਲਗਭਗ 150 ਫੁੱਟ ਚੌੜਾ ਪਿਆ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਭਗਵਾਨਪੁਰਾ ਵਿਖੇ ਪਿਛਲੇ ਦੋ ਦਿਨਾਂ ਵਿਚ ਦੂਜੀ ਵਾਰ ਰਜਵਾਹੇ ਵਿਚ ਵੱਡਾ ਪਾੜ ਪੈਣ ਨਾਲ ਕਿਸਾਨਾਂ ਦੀ 150 ਏਕੜ ਫਸਲਾਂ ਵਿਚ ਪਾਣੀ ਭਰਨ ਨਾਲ ਕਿਸਾਨਾਂ ਦੀਆਂ ਝੋਨਾ, ਮੱਕੀ, ਮੂੰਗੀ ਅਤੇ ਹਰਾ ਚਾਰਾ ਖਰਾਬ ਹੋ ਗਿਆ, ਜਿਸ ਨੂੰ ਲੈ ਕੇ ਕਿਸਾਨ ਕਾਫੀ ਪਰੇਸ਼ਾਨ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰੀ ਵਿਭਾਗ ਦੀ ਅਣਗਹਿਲੀ ਕਾਰਨ ਇਹ ਦੂਜੀ ਵਾਰ ਪਾੜ ਪਿਆ ਹੈ ਕਿਉਂਕਿ ਪਹਿਲਾਂ ਪਾੜ ਪੈਣ ਤੋਂ ਬਾਅਦ ਨਹਿਰੀ ਵਿਭਾਗ ਨੇ ਇਸ ਨੂੰ ਚੰਗੀ ਤਰ੍ਹਾਂ ਪੂਰਿਆ ਨਹੀਂ ਅਤੇ ਜਲਦੀ ਪਾਣੀ ਛੱਡ ਦਿਤਾ ਗਿਆ।
ਪਿੰਡ ਵਾਸੀਆਂ ਨੇ ਦੱਸਿਆ ਕਿ ਸਵੇਰ ਤੋਂ ਹੀ ਅਧਿਕਾਰੀਆਂ ਨੂੰ ਫੋਨ ਕਰ ਰਹੇ ਹਨ ਪਰ ਕੋਈ ਵੀ ਅਧਿਕਾਰੀ ਫੋਨ ਨਹੀਂ ਚੁੱਕ ਰਿਹਾ, ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦੀਆਂ ਜਿੱਥੇ ਫਸਲਾਂ ਖਰਾਬ ਹੋ ਗਈਆਂ ਹਨ, ਉੱਥੇ ਹੀ ਉਨ੍ਹਾਂ ਦੀ ਮੋਟਰਾਂ ਦੇ ਵਿਚ ਪਾਣੀ ਭਰ ਗਿਆ ਹੈ ਅਤੇ ਖੇਤਾਂ ਵਿਚ ਗਾਰ ਜੰਮਣ ਕਾਰਨ ਖੇਤ ਵੀ ਖਰਾਬ ਹੋਏ, ਮੌਕੇ ‘ਤੇ ਪੁੱਜੇ ਨਹਿਰੀ ਵਿਭਾਗ ਦੇ ਜੇਈ ਨੇ ਕਿਹਾ ਕਿ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਜਾਣੂ ਕਰਾ ਦਿਤਾ ਗਿਆ ਹੈ, ਜੋ ਵੀ ਹੁਕਮ ਹੋਵੇਗਾ ਉਸ ਮੁਤਾਬਕ ਕੰਮ ਕਰ ਦਿਤਾ ਜਾਵੇਗਾ।