ਬੇਈਮਾਨੀ ਦੇ ਕੇਸ ‘ਚ ਇਮਰਾਨ ਖ਼ਾਨ ਤੇ ਬੁਸ਼ਰਾ ਬੀਬੀ ਨੂੰ 17-17 ਸਾਲ ਦੀ ਕੈਦ

ਤੋਸ਼ਾਖਾਨਾ ਮਾਮਲੇ ‘ਚ ਪਾਕਿਸਤਾਨ ਦੇ ਸਾਬਕਾ PM ਤੇ ਉਨ੍ਹਾਂ ਦੀ ਪਤਨੀ ਨੂੰ ਸੁਣਾਈ ਗਈ ਸਜ਼ਾ

ਇਮਰਾਨ ਨੇ ਨਿਜੀ ਮੁਨਾਫ਼ਾ ਕਮਾਉਣ ਲਈ ਕਰੋੜਾਂ ਦਾ ਮਾਲ ਲੱਖਾਂ ‘ਚ ਖਰੀਦਿਆ
ਲੋਕ ਹੋਏ ਹਤਾਸ਼, ਪਾਕਿਸਤਾਨ ਦੀ ਸਿਆਸਤ ਬਦਲਣ ਆਏ ਸੀ ਇਮਰਾਨ ਖ਼ਾਨ
ਇਸਲਾਮਾਬਾਦ/ਰਾਵਲਪਿੰਡੀ, 20 ਦਸੰਬਰ (ਨਿਊਜ਼ ਟਾਊਨ ਨੈਟਵਰਕ) :
ਪਾਕਿਸਤਾਨ ਦੀ ਸਿਆਸਤ ਵਿੱਚ ਸ਼ਨੀਵਾਰ ਨੂੰ ਇੱਕ ਵੱਡਾ ਭੂਚਾਲ ਆ ਗਿਆ ਜਦੋਂ ਸਾਬਕਾ ਪ੍ਰਧਾਨ ਮੰਤਰੀ ਅਤੇ ਪੀਟੀਆਈ ਦੇ ਬਾਨੀ ਇਮਰਾਨ ਖ਼ਾਨ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ 17-17 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ। ਇਸ ਤੋਂ ਇਲਾਵਾ ਕੋਰਟ ਨੇ ਦੋਵਾਂ ‘ਤੇ 1 ਕਰੋੜ 64 ਲੱਖ ਰੁਪਏ (ਪਾਕਿਸਤਾਨੀ ਕਰੰਸੀ) ਦਾ ਭਾਰੀ ਜੁਰਮਾਨਾ ਵੀ ਲਗਾਇਆ ਹੈ। ਜੇਕਰ ਉਹ ਜੁਰਮਾਨਾ ਨਹੀਂ ਭਰਦੇ ਤਾਂ ਉਨ੍ਹਾਂ ਨੂੰ ਵਾਧੂ ਸਜ਼ਾ ਕੱਟਣੀ ਪਵੇਗੀ।
ਇਹ ਫੈਸਲਾ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਦੀ ਵਿਸ਼ੇਸ਼ ਅਦਾਲਤ ਨੇ ਤੋਸ਼ਾਖਾਨਾ-2 ਮਾਮਲੇ ਵਿੱਚ ਸੁਣਾਇਆ ਹੈ। ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਜਿੱਥੇ ਇਮਰਾਨ ਪਹਿਲਾਂ ਤੋਂ ਕੈਦ ਹਨ, ਉੱਥੇ ਹੋਈ ਸੁਣਵਾਈ ਦੌਰਾਨ ਸਪੈਸ਼ਲ ਜੱਜ ਸ਼ਾਹਰੁਖ ਅਰਜੁਮੰਦ ਨੇ ਇਹ ਫੈਸਲਾ ਸੁਣਾਇਆ। ਰਾਵਲਪਿੰਡੀ ਦੀ ਉੱਚ-ਸੁਰੱਖਿਆ ਵਾਲੀ ਵਿਸ਼ੇਸ਼ ਅਦਾਲਤ 80 ਸੁਣਵਾਈਆਂ ਤੋਂ ਬਾਅਦ ਸ਼ਨੀਵਾਰ ਨੂੰ ਇਹ ਫੈਸਲਾ ਸੁਣਾਇਆ ਅਤੇ ਦੋਵਾਂ ਨੂੰ ਜੇਲ੍ਹ ਦੇ ਅੰਦਰ ਦੋਸ਼ੀ ਠਹਿਰਾਇਆ। ਸੁਰੱਖਿਆ ਕਾਰਨਾਂ ਕਰਕੇ ਅਦਾਲਤ ਦੀ ਕਾਰਵਾਈ ਜੇਲ੍ਹ ਦੇ ਅੰਦਰ ਹੀ ਕੀਤੀ ਗਈ। ਇਹ ਪੂਰਾ ਮਾਮਲਾ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਤੋਂ ਮਿਲੇ ਮਹਿੰਗੇ ਤੋਹਫ਼ਿਆਂ ਨੂੰ ਸਰਕਾਰੀ ਖਜ਼ਾਨੇ ਤੋਂ ਬੇਹੱਦ ਘੱਟ ਕੀਮਤ ‘ਤੇ ਖਰੀਦਣ ਅਤੇ ਫਿਰ ਉਨ੍ਹਾਂ ਨੂੰ ਭਾਰੀ ਮੁਨਾਫੇ ਵਿੱਚ ਵੇਚਣ ਨਾਲ ਜੁੜਿਆ ਹੈ।
ਕਿਹੜੀਆਂ ਧਾਰਾਵਾਂ ਤਹਿਤ ਹੋਈ ਸਜ਼ਾ?
ਅਦਾਲਤ ਨੇ ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਨੂੰ ਭ੍ਰਿਸ਼ਟਾਚਾਰ ਦਾ ਦੋਸ਼ੀ ਪਾਇਆ ਹੈ। ਉਨ੍ਹਾਂ ਨੂੰ ‘ਭ੍ਰਿਸ਼ਟਾਚਾਰ ਰੋਕੂ ਕਾਨੂੰਨ’ ਦੀ ਧਾਰਾ 409 ਯਾਨੀ ਅਪਰਾਧਿਕ ਵਿਸ਼ਵਾਸਘਾਤ ਤਹਿਤ 10 ਸਾਲ ਦੀ ਸਖ਼ਤ ਕੈਦ ਅਤੇ ਲੋਕ ਸੇਵਕਾਂ ਦੁਆਰਾ ਅਪਰਾਧਿਕ ਦੁਰਵਿਹਾਰ ਤਹਿਤ 7 ਸਾਲ ਦੀ ਸਜ਼ਾ ਸੁਣਾਈ ਗਈ ਹੈ। ਕੁੱਲ ਮਿਲਾ ਕੇ ਉਨ੍ਹਾਂ ਨੂੰ 17 ਸਾਲ ਜੇਲ੍ਹ ਵਿੱਚ ਬਿਤਾਉਣੇ ਪੈਣਗੇ।
ਦਰਅਸਲ ਇਹ ਕਹਾਣੀ 2021 ਦੀ ਹੈ ਜਦੋਂ ਇਮਰਾਨ ਖਾਨ ਆਪਣੀ ਪਤਨੀ ਨਾਲ ਸਾਊਦੀ ਅਰਬ ਦੇ ਅਧਿਕਾਰਤ ਦੌਰੇ ‘ਤੇ ਗਏ ਸਨ। ਉੱਥੇ ਸਾਊਦੀ ਕ੍ਰਾਊਨ ਪ੍ਰਿੰਸ ਨੇ ਉਨ੍ਹਾਂ ਨੂੰ ਇੱਕ ਬੇਸ਼ਕੀਮਤੀ ‘ਬੁਲਗਾਰੀ ਜਵੈਲਰੀ ਸੈੱਟ’ ਤੋਹਫ਼ੇ ਵਿੱਚ ਦਿੱਤਾ ਸੀ। ਦੋਸ਼ ਹੈ ਕਿ ਇਮਰਾਨ ਖਾਨ ਨੇ ਇਸ ਸੈੱਟ ਨੂੰ ਤੋਸ਼ਾਖਾਨਾ ਵਿੱਚ ਜਮ੍ਹਾਂ ਤਾਂ ਕਰਵਾਇਆ ਪਰ ਬਾਅਦ ਵਿੱਚ ਇਸਦੀ ਕੀਮਤ ਬਹੁਤ ਘੱਟ ਦੱਸ ਕੇ ਇਸਨੂੰ ਖੁਦ ਹੀ ਖਰੀਦ ਲਿਆ ਅਤੇ ਫਿਰ ਬਾਜ਼ਾਰ ਵਿੱਚ ਉੱਚੇ ਭਾਅ ‘ਤੇ ਵੇਚ ਦਿੱਤਾ। ਇਮਰਾਨ ਖਾਨ ਨੂੰ ਪਹਿਲੀ ਵਾਰ 9 ਮਈ 2023 ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ ਅਗਸਤ 2023 ਵਿੱਚ ਤੋਸ਼ਾਖਾਨਾ-2 (ਸਰਕਾਰੀ ਖਜ਼ਾਨਾ) ਮਾਮਲੇ ਵਿੱਚ ਦੁਬਾਰਾ ਗ੍ਰਿਫ਼ਤਾਰ ਕੀਤਾ ਗਿਆ ਸੀ ਉਦੋਂ ਤੋਂ ਹੀ ਉਹ ਜੇਲ੍ਹ ਵਿੱਚ ਬੰਦ ਹਨ ਅਤੇ ਉਨ੍ਹਾਂ ‘ਤੇ 100 ਤੋਂ ਜ਼ਿਆਦਾ ਮੁਕੱਦਮੇ ਚੱਲ ਰਹੇ ਹਨ।
ਪਤਨੀ ਬੁਸ਼ਰਾ ਦੀ ਗਲਤੀ ਅਤੇ ਲੀਕ ਆਡੀਓ
ਇਸ ਮਾਮਲੇ ਵਿੱਚ ਇਮਰਾਨ ਦੀ ਪਤਨੀ ਬੁਸ਼ਰਾ ਬੀਬੀ ਦੀ ਭੂਮਿਕਾ ਅਹਿਮ ਮੰਨੀ ਜਾ ਰਹੀ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ 2018 ਦੇ ਇੱਕ ਹੋਰ ਵਾਕਏ ਵਿੱਚ, ਜਦੋਂ ਸਾਊਦੀ ਪ੍ਰਿੰਸ ਨੇ ਹੀਰਿਆਂ ਜੜੀ ਘੜੀ ਗਿਫਟ ਕੀਤੀ ਸੀ ਤਾਂ ਬੁਸ਼ਰਾ ਬੀਬੀ ਨੇ ਉਸਨੂੰ ਵੇਚਣ ਦੀ ਜ਼ਿੰਮੇਵਾਰੀ ਤਤਕਾਲੀ ਮੰਤਰੀ ਜ਼ੁਲਫੀ ਬੁਖਾਰੀ ਨੂੰ ਦਿੱਤੀ ਸੀ। ਜਦੋਂ ਬੁਖਾਰੀ ਉਸ ਘੜੀ ਨੂੰ ਵੇਚਣ ਇੱਕ ਸ਼ੋਅਰੂਮ ‘ਤੇ ਗਏ ਤਾਂ ਦੁਕਾਨਦਾਰ ਨੇ ਘੜੀ ਬਣਾਉਣ ਵਾਲੀ ਕੰਪਨੀ ਨਾਲ ਸੰਪਰਕ ਕੀਤਾ। ਕੰਪਨੀ ਨੇ ਸਿੱਧੇ ਸਾਊਦੀ ਪ੍ਰਿੰਸ ਦੇ ਦਫ਼ਤਰ ਤੋਂ ਪੁਸ਼ਟੀ ਕੀਤੀ ਕਿ ਇਹ ਘੜੀ ਚੋਰੀ ਦੀ ਹੈ ਜਾਂ ਵੇਚੀ ਜਾ ਰਹੀ ਹੈ। ਇੱਥੋਂ ਹੀ ਪੋਲ ਖੁੱਲ੍ਹ ਗਈ। ਬਾਅਦ ਵਿੱਚ ਬੁਸ਼ਰਾ ਅਤੇ ਜ਼ੁਲਫੀ ਦਾ ਇੱਕ ਆਡੀਓ ਲੀਕ ਹੋਇਆ, ਜਿਸਨੇ ਇਸ ਸਾਜ਼ਿਸ਼ ਦੀ ਪੁਸ਼ਟੀ ਕਰ ਦਿੱਤੀ।
ਕਰੋੜਾਂ ਦਾ ਮਾਲ ਲੱਖਾਂ ‘ਚ ਖਰੀਦਿਆ
ਨਿਯਮਾਂ ਮੁਤਾਬਕ ਤੋਸ਼ਾਖਾਨਾ ਵਿੱਚ ਜਮ੍ਹਾਂ ਗਿਫਟ ਨੂੰ ਇੱਕ ਨਿਸ਼ਚਿਤ ਫੀਸਦੀ ਦੇ ਕੇ ਹੀ ਖਰੀਦਿਆ ਜਾ ਸਕਦਾ ਹੈ। ਪਰ ਇਮਰਾਨ ਖਾਨ ਨੇ 2 ਕਰੋੜ ਰੁਪਏ ਤੋਂ ਜ਼ਿਆਦਾ ਕੀਮਤ ਵਾਲੀਆਂ ਘੜੀਆਂ ਅਤੇ ਜਵੈਲਰੀ ਨੂੰ ਮਹਿਜ਼ 5 ਤੋਂ 7 ਲੱਖ ਰੁਪਏ ਦਾ ਦੱਸ ਕੇ ਖਰੀਦ ਲਿਆ। ਜਾਂਚ ਵਿੱਚ ਪਾਇਆ ਗਿਆ ਕਿ ਉਨ੍ਹਾਂ ਨੇ ਕੁੱਲ 108 ਤੋਹਫ਼ੇ ਆਪਣੇ ਕੋਲ ਰੱਖੇ, ਜਿਨ੍ਹਾਂ ਵਿੱਚ 8.5 ਕਰੋੜ ਦੀ ਘੜੀ ਅਤੇ 15 ਕਰੋੜ ਦੀਆਂ 7 ਰੋਲੈਕਸ ਘੜੀਆਂ ਸ਼ਾਮਲ ਸਨ। ਕੋਰਟ ਨੇ ਇਸਨੂੰ ਸਰਕਾਰੀ ਅਹੁਦੇ ਦੀ ਦੁਰਵਰਤੋਂ ਮੰਨਿਆ ਹੈ।
ਇਮਰਾਨ ਦੀ ਲੀਗਲ ਟੀਮ ਨੇ ਕਿਹਾ ਹੈ ਕਿ ਉਹ ਇਸ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਣਗੇ। ਉਨ੍ਹਾਂ ਦਾ ਕਹਿਣਾ ਹੈ ਕਿ 2018 ਦੀ ਤੋਸ਼ਾਖਾਨਾ ਨੀਤੀ ਤਹਿਤ ਸਾਰੀਆਂ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਗਈ ਸੀ ਅਤੇ ਇਹ ਫੈਸਲਾ ਰਾਜਨੀਤੀ ਤੋਂ ਪ੍ਰੇਰਿਤ ਹੈ।
