ਇਮੀਗ੍ਰੇਸ਼ਨ ਕਾਰੋਬਾਰੀ ਨੇ ਬੈਂਕ ਦੇ ਬਾਥਰੂਮ ’ਚ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ


ਮੋਹਾਲੀ, 10 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਮੋਹਾਲੀ ਦੇ ਸੈਕਟਰ-68 ਸਥਿਤ ਨਿਜੀ ਬੈਂਕ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਰਾਜਦੀਪ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਰਾਜਦੀਪ ਸਿੰਘ ਮੰਗਲਵਾਰ ਦੁਪਹਿਰ ਬੈਂਕ ਆਇਆ ਅਤੇ ਪਹਿਲੀ ਮੰਜ਼ਿਲ ’ਤੇ ਸਥਿਤ ਲੋਨ ਵਿਭਾਗ ਗਿਆ। ਉਥੇ ਪਹੁੰਚਣ ਤੋਂ ਬਾਅਦ ਉਸ ਨੇ ਬਾਥਰੂਮ ਵਿਚ ਰਿਵਾਲਵਰ ਨਾਲ ਆਪਣੀ ਕੰਨਪਟੀ ’ਤੇ ਗੋਲੀ ਮਾਰ ਲਈ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਪੂਰੇ ਬੈਂਕ ਵਿਚ ਹਫੜਾ-ਦਫੜੀ ਮਚ ਗਈ। ਜਦੋਂ ਕਰਮਚਾਰੀ ਉਥੇ ਪਹੁੰਚੇ ਤਾਂ ਅੰਦਰ ਖ਼ੂਨ ਨਾਲ ਲੱਥਪਥ ਲਾਸ਼ ਪਈ ਸੀ। ਇਸ ਤੋਂ ਬਾਅਦ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਗਿਆ। ਫ਼ੇਜ਼-8 ਥਾਣਾ ਇੰਚਾਰਜ ਸਤਨਾਮ ਸਿੰਘ ਅਪਣੀ ਟੀਮ ਨਾਲ ਮੌਕੇ ’ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।
ਜਾਣਕਾਰੀ ਅਨੁਸਾਰ ਮ੍ਰਿਤਕ ਰਾਜਦੀਪ ਸਿੰਘ ਦਾ ਇਮੀਗ੍ਰੇਸ਼ਨ ਕਾਰੋਬਾਰ ਫ਼ੇਜ਼-11 ਅਤੇ ਸੈਕਟਰ-82 ਤੋਂ ਚਲਾਉਂਦਾ ਸੀ। ਜਦਕਿ ਅਜੇ ਤਕ ਇਹ ਸਪੱਸ਼ਟ ਨਹੀਂ ਹੈ ਕਿ ਉਸ ਨੇ ਖ਼ੁਦਕੁਸ਼ੀ ਵਰਗਾ ਕਦਮ ਕਿਉਂ ਚੁਕਿਆ। ਪੁਲਿਸ ਵੱਲੋਂ ਉਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਤਾਂ ਜੋ ਜਾਂਚ ਦੀ ਦਿਸ਼ਾ ਤੈਅ ਕੀਤੀ ਜਾ ਸਕੇ। ਪੁਲਿਸ ਨੇ ਉਸ ਥਾਂ ਤੋਂ ਰਿਵਾਲਵਰ ਬਰਾਮਦ ਕੀਤਾ ਹੈ, ਜਿਸ ਨਾਲ ਰਾਜਦੀਪ ਨੇ ਅਪਣੀ ਜਾਨ ਲਈ ਸੀ। ਜਾਂਚ ਕੀਤੀ ਜਾ ਰਹੀ ਹੈ ਕਿ ਇਹ ਹਥਿਆਰ ਕਿਸ ਦੇ ਨਾਮ ’ਤੇ ਲਾਇਸੈਂਸੀ ਸੀ ਅਤੇ ਕੀ ਇਹ ਮ੍ਰਿਤਕ ਰਾਜਦੀਪ ਦੇ ਨਾਮ ’ਤੇ ਰਜਿਸਟਰਡ ਸੀ।
ਇਸ ਘਟਨਾ ਨੇ ਪੁਲਿਸ ਦੇ ਸਾਹਮਣੇ ਇਹ ਸਵਾਲ ਵੀ ਖੜ੍ਹਾ ਕਰ ਦਿੱਤਾ ਹੈ ਕਿ ਰਾਜਦੀਪ ਨੇ ਘਰ ਜਾਂ ਦਫਤਰ ਜਾਣ ਦੀ ਬਜਾਏ ਬੈਂਕ ਦੇ ਅੰਦਰ ਖ਼ੁਦਕੁਸ਼ੀ ਕਿਉਂ ਕੀਤੀ। ਇਸ ਸੰਦਰਭ ਵਿੱਚ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਉਸਦਾ ਕਿਸੇ ਬੈਂਕ ਅਧਿਕਾਰੀ ਨਾਲ ਕੋਈ ਵਿਵਾਦ ਸੀ ਜਾਂ ਬੈਂਕ ਤੋਂ ਲਏ ਗਏ ਕਰਜ਼ੇ ਨੂੰ ਲੈ ਕੇ ਕੋਈ ਤਣਾਅ ਸੀ। ਪੁਲਿਸ ਵੱਲੋਂ ਪਹਿਲੂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।