ਪਰਵਾਸੀਆਂ ਨੇ ਦੋ ਸਰਦਾਰ ਭਰਾਵਾਂ ਦੀ ਕੀਤੀ ਕੁੱਟਮਾਰ, ਦਸਤਾਰਾਂ ਦੀ ਕੀਤੀ ਬੇਅਦਬੀ


ਅੰਮ੍ਰਿਤਸਰ, 18 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਅੰਮ੍ਰਿਤਸਰ ਦੇ ਰਾਮ ਨਗਰ ਇਲਾਕੇ ‘ਚ ਇਕ ਗੰਭੀਰ ਘਟਨਾ ਸਾਹਮਣੀ ਆਈ ਹੈ ਜਿਸ ‘ਚ ਦੋ ਨੌਜਵਾਨ ਸਿੱਖ ਭਰਾਵਾਂ ਨਾਲ ਕੁਝ ਪਰਵਾਸੀ ਨੌਜਵਾਨਾਂ ਵੱਲੋਂ ਨਾਂ ਸਿਰਫ ਕੁੱਟਮਾਰ ਕੀਤੀ ਗਈ, ਸਗੋਂ ਉਹਨਾਂ ਦੀਆਂ ਦਸਤਾਰਾਂ ਨੂੰ ਲਾਹ ਕੇ ਉਨ੍ਹਾਂ ਦੀ ਬੇਅਦਬੀ ਵੀ ਕੀਤੀ ਗਈ। ਇਹ ਘਟਨਾ ਸੋਮਵਾਰ ਰਾਤ ਕਰੀਬ 9:30 ਵਜੇ ਦੀ ਹੈ ਜਦੋਂ ਦੋ ਭਰਾ, ਆਪਣੇ ਕੰਮ ਤੋਂ ਵਾਪਸ ਘਰ ਆ ਰਹੇ ਸਨ ਤਾਂ ਕੁਝ ਪਰਵਾਸੀ ਨੌਜਵਾਨਾਂ ਨੇ ਰਸਤੇ ਵਿਚ ਰੋਕ ਕੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਪੀੜਤ ਮੁੰਡਿਆਂ ਦੇ ਪਰਿਵਾਰਿਕ ਮੈਂਬਰਾਂ ਅਨੁਸਾਰ, ਇਹ ਸਿਰਫ ਇਕ ਆਮ ਗੱਲਬਾਤ ਤੋਂ ਸ਼ੁਰੂ ਹੋਇਆ ਝਗੜਾ ਸੀ, ਪਰ ਜਲਦੀ ਹੀ ਇਸ ਨੇ ਹਿੰਸਾਤਮਕ ਰੂਪ ਧਾਰ ਲਿਆ।
ਗੁਆਂਢੀਆਂ ਤੇ ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪਰਵਾਸੀ ਨੌਜਵਾਨਾਂ ਦੀ ਗਿਣਤੀ 15-20 ਦੇ ਲਗਭਗ ਸੀ ਅਤੇ ਉਨ੍ਹਾਂ ਨੇ ਸਰਦਾਰ ਮੁੰਡਿਆਂ ਦੀ ਦਸਤਾਰ ਲਾਹ ਕੇ ਨਾਂ ਸਿਰਫ ਉਨ੍ਹਾਂ ਨੂੰ ਧੱਕਾ ਦਿੱਤਾ, ਸਗੋਂ ਕਿਰਪਾਨਾ ਅਤੇ ਕੜਿਆਂ ਨਾਲ ਵੀ ਹਮਲਾ ਕੀਤਾ। ਪੀੜਤ ਪਰਿਵਾਰ ਨੇ ਦੱਸਿਆ ਕਿ ਇਹ ਸਾਡਾ ਨਿੱਜੀ ਝਗੜਾ ਨਹੀਂ ਸੀ, ਸਗੋਂ ਇੱਕ ਸਾਜ਼ਿਸ਼ ਤਹਿਤ ਕੀਤਾ ਗਿਆ ਹਮਲਾ ਸੀ, ਜਿਸ ‘ਚ ਨੌਜਵਾਨਾਂ ਨੂੰ ਧਮਕਾ ਕੇ, ਉਨ੍ਹਾਂ ਦੇ ਸਨਮਾਨ ਨੂੰ ਠੇਸ ਪਹੁੰਚਾਈ ਗਈ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਇਲਾਕੇ ਵਿੱਚ ਰਹਿ ਰਹੇ ਪਰਵਾਸੀ ਨੌਜਵਾਨ ਗੁੰਡਾਗਰਦੀ ਵਾਲੀਆਂ ਹਰਕਤਾਂ ‘ਚ ਸ਼ਾਮਲ ਹੋਏ ਹਨ।
ਮੁਹੱਲਾ ਵਾਸੀਆਂ ਤੇ ਜਥੇਬੰਦੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਲੋਕਾਂ ਨੇ ਕਿਹਾ ਕਿ ਕਈ ਪਰਵਾਸੀ ਬਿਨਾਂ ਦਸਤਾਵੇਜ਼ਾਂ ਦੇ ਇਥੇ ਕਿਰਾਏ ਦੇ ਘਰਾਂ ‘ਚ ਰਹਿ ਰਹੇ ਹਨ ਅਤੇ ਇਲਾਕੇ ਦੀ ਸ਼ਾਂਤੀ ਨੂੰ ਭੰਗ ਕਰ ਰਹੇ ਹਨ। ਇਸ ਮਾਮਲੇ ‘ਤੇ ਪੁਲਿਸ ਵੱਲੋਂ ਹਾਲੇ ਤੱਕ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਗਈ। ਸਿਰਫ਼ ਇਹ ਕਿਹਾ ਗਿਆ ਹੈ ਕਿ “ਕਿਸੇ ਵੀ ਤਰ੍ਹਾਂ ਦੀ ਲਿਖਤੀ ਸ਼ਿਕਾਇਤ ਮਿਲਣ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।”
ਪਰਿਵਾਰ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ ਅਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਥੇਬੰਦੀਆਂ ਨੂੰ ਵੀ ਮਦਦ ਲਈ ਅਪੀਲ ਕੀਤੀ ਹੈ। ਇਲਾਕਾ ਨਿਵਾਸੀਆਂ ਨੇ ਸੂਬਾਈ ਸਰਕਾਰ ਅਤੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਰਵਾਸੀਆਂ ਦੀ ਜਾਂਚ ਕਰਕੇ ਜੋ ਵੀ ਵਿਅਕਤੀ ਗ਼ੈਰ ਕਾਨੂੰਨੀ ਤਰੀਕੇ ਨਾਲ ਇਥੇ ਰਹਿ ਰਹੇ ਹਨ, ਉਨ੍ਹਾਂ ਨੂੰ ਤੁਰੰਤ ਬਾਹਰ ਕੱਢਿਆ ਜਾਵੇ ਅਤੇ ਇਲਾਕੇ ਵਿੱਚ ਸਥਾਪਤ ਸਾਂਤੀ ਨੂੰ ਬਰਕਰਾਰ ਰੱਖਿਆ ਜਾਵੇ।