ਨਾਜਾਇਜ਼ ਮਾਈਨਿੰਗ ਖਿਲਾਫ ਪੁਲਿਸ ਦਾ ਵੱਡਾ ਐਕਸ਼ਨ, 8 ਵਿਅਕਤੀਆਂ ਨੂੰ ਜੇਸੀਬੀ ਮਸ਼ੀਨ ਸਣੇ ਕੀਤਾ ਕਾਬੂ

0
nationalherald_2022-12_1ef6e06d-05b9-4b59-a06e-1555fa2a22da_mining_v1

ਮੋਗਾ- 26 ਜੂਨ ( ਨਿਊਜ਼ ਟਾਊਨ ਨੈੱਟਵਰਕ ) ਮੋਗਾ ਜ਼ਿਲ੍ਹਾ ਪੁਲਿਸ ਨੇ ਗ਼ੈਰਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਵਿਰੁੱਧ ਚਲ ਰਹੀ ਮੁਹਿੰਮ ਤਹਿਤ 8 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਕੋਲੋਂ ਇੱਕ JCB ਮਸ਼ੀਨ, 6 ਰੇਤ ਨਾਲ ਭਰੇ ਟਰੈਕਟਰਾਂ ਦੇ ਨਾਲ-ਨਾਲ 7 ਮੋਬਾਈਲ ਫੋਨ ਅਤੇ ਇੱਕ ਰਿਵਾਲਵਰ ਸਮੇਤ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ।

ਜ਼ਿਲ੍ਹਾ ਪੁਲਿਸ ਮੁਖੀ ਅਜੈ ਗਾਂਧੀ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਟੀਮ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਕਾਦਰਵਾਲਾ ਵਾਸੀ ਗੁਰਲਾਬ ਸਿੰਘ ਅਤੇ ਪਿੰਡ ਦੌਲੇਵਾਲਾ ਵਾਸੀ ਇਕਬਾਲ ਸਿੰਘ ਉਰਫ ਲਾਹੌਰੀਆ ਰਾਤ ਦੇ ਸਮੇਂ ਛੁਪ ਕੇ ਵੱਡੇ ਪੱਧਰ ‘ਤੇ ਗ਼ੈਰਕਾਨੂੰਨੀ ਮਾਈਨਿੰਗ ਕਰਦੇ ਹਨ।

ਉਨ੍ਹਾਂ ਨੇ ਅੱਜ ਵੀ ਆਪਣੇ ਸਾਥੀਆਂ ਗੁਰਜੀਤ ਸਿੰਘ, ਸਤਨਾਮ ਸਿੰਘ (ਪਿੰਡ ਤਲਵੰਡੀ ਨੌ ਬਹਾਰ), ਲਖਵਿੰਦਰ ਸਿੰਘ ਉਰਫ ਗੋਰਾ (ਦੌਲੇਵਾਲਾ), ਹਰਜਿੰਦਰ ਸਿੰਘ (ਫਤਿਹਗੜ੍ਹ ਝੁੱਗੀਆਂ), ਤਰਸੇਮ ਸਿੰਘ (ਮਸਤੇਵਾਲਾ) ਅਤੇ ਜਸਪ੍ਰੀਤ ਸਿੰਘ (ਜੀਰਾ ਰੋਡ ਕੋਟਈਸੇ ਖਾਂ) ਦੇ ਨਾਲ ਮਿਲ ਕੇ ਪਿੰਡ ਤਲਵੰਡੀ ਨੌ ਬਹਾਰ ਦੇ ਨੇੜੇ ਉਸ ਜ਼ਮੀਨ ‘ਚੋਂ, ਜਿਸ ਦੇ ਮਾਲਕ ਇਕਬਾਲ ਸਿੰਘ ਉਰਫ ਲਾਹੌਰੀਆ ਹਨ, ਨਾਜਾਇਜ਼ ਮਾਈਨਿੰਗ ਕਰ ਰਹੇ ਸਨ।
ਪੁਲਿਸ ਨੇ ਮਾਰਿਆ ਛਾਪਾ

ਇਸ ਦੌਰਾਨ ਗੋਰਾ ਸਿੰਘ ਰੇਤ ਨਾਲ ਭਰੇ ਟਰਾਲਿਆਂ ਨੂੰ ਬਾਹਰ ਕੱਢਣ ਲਈ ਸੰਗਲ ਪਾ ਰਿਹਾ ਸੀ। ਜਾਣਕਾਰੀ ਮਿਲਣ ‘ਤੇ ਪੁਲਿਸ ਪਾਰਟੀ ਨੇ ਛਾਪਾ ਮਾਰਿਆ ਅਤੇ 8 ਵਿਅਕਤੀਆਂ ਨੂੰ ਕਾਬੂ ਕਰ ਲਿਆ। ਉਨ੍ਹਾਂ ਕੋਲੋਂ ਰੇਤ ਨਾਲ ਭਰੇ ਟਰੈਕਟਰ-ਟ੍ਰਾਲੇ, ਇੱਕ JCB ਮਸ਼ੀਨ, 32 ਬੋਰ ਦੀ ਇੱਕ ਰਿਵਾਲਵਰ, ਜਿੰਦਾ ਗੋਲੀਆਂ ਅਤੇ 8 ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ।

ਸਾਰੇ ਕਥਿਤ ਦੋਸ਼ੀਆਂ ਵਿਰੁੱਧ ਥਾਣਾ ਕੋਟਈਸੇ ਖਾਂ ‘ਚ ਐਨ.ਡੀ.ਪੀ.ਐੱਸ. ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਚੌਕੀ ਇੰਚਾਰਜ ਪਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਗੁਰਲਾਬ ਸਿੰਘ ਅਤੇ ਇਕਬਾਲ ਸਿੰਘ ਉਰਫ ਲਾਹੌਰੀਆ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਨੂੰ ਪੁੱਛਗਿੱਛ ਤੋਂ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

Leave a Reply

Your email address will not be published. Required fields are marked *