‘ਮ੍ਰਿਤਕ ਲੋਕਾਂ ਨਾਲ ਚਾਹ ਪੀਣ ਦਾ ਮੌਕਾ ਮਿਲਿਆ’


ਰਾਹੁਲ ਗਾਂਧੀ ਨੇ ਵੀਡੀਓ ਵਾਇਰਲ ਕਰਕੇ ਚੋਣ ਕਮਿਸ਼ਨ ਨੂੰ ਬਣਾਇਆ ਨਿਸ਼ਾਨਾ
(ਨਿਊਜ਼ ਟਾਊਨ ਨੈਟਵਰਕ)
ਨਵੀਂ ਦਿੱਲੀ, 13 ਅਗਸਤ : ਬਿਹਾਰ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ਦੀ ਸੋਧ ਨੂੰ ਲੈ ਕੇ ਸਿਆਸੀ ਘਮਾਸਾਨ ਮਚਿਆ ਹੋਇਆ ਹੈ। ਇਸ ਦੌਰਾਨ ਰਾਹੁਲ ਗਾਂਧੀ ਨੇ ਅੱਜ ਕਈ ਅਜਿਹੇ ਲੋਕਾਂ ਨਾਲ ਮੁਲਾਕਾਤ ਕੀਤੀ ਹੈ, ਜਿਨ੍ਹਾਂ ਨੂੰ ਚੋਣ ਕਮਿਸ਼ਨ ਦੀ ਨਵੀਂ ਵੋਟਰ ਸੂਚੀ ਵਿਚ ਮ੍ਰਿਤਕ ਐਲਾਨਿਆ ਗਿਆ ਹੈ। ਰਾਹੁਲ ਗਾਂਧੀ ਨੇ ਉਨ੍ਹਾਂ ਨਾਲ ਚਾਹ ਪੀਤੀ ਅਤੇ ਚੋਣ ਕਮਿਸ਼ਨ ‘ਤੇ ਤੰਜ ਕੱਸਦੇ ਹੋਏ ਕਿਹਾ ਕਿ ਜ਼ਿੰਦਗੀ ਵਿੱਚ ਬਹੁਤ ਸਾਰੇ ਦਿਲਚਸਪ ਤਜਰਬੇ ਹੋਏ ਪਰ ਕਦੇ ਵੀ ਮ੍ਰਿਤਕ ਲੋਕਾਂ ਨਾਲ ਚਾਹ ਪੀਣ ਦਾ ਮੌਕਾ ਨਹੀਂ ਮਿਲਿਆ। ਦਰਅਸਲ, ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਬਿਹਾਰ ਦੇ ਰਾਘੋਪੁਰ ਵਿਧਾਨ ਸਭਾ ਹਲਕੇ ਵਿਚ ਚੋਣ ਕਮਿਸ਼ਨ ਦੀ ਵੋਟਰ ਸੂਚੀ ਵਿੱਚ ਮ੍ਰਿਤਕ ਐਲਾਨੇ ਗਏ ਸੱਤ ਵੋਟਰਾਂ ਨਾਲ ਚਾਹ ਪੀਤੀ। ਉਨ੍ਹਾਂ ਨੇ ਇਸ ਦਾ ਵੀਡੀਓ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਐਕਸ ‘ਤੇ ਸਾਂਝਾ ਕੀਤਾ। ਇਸ ਦੇ ਨਾਲ ਉਨ੍ਹਾਂ ਨੇ ਲਿਖਿਆ, “ਜ਼ਿੰਦਗੀ ਵਿਚ ਬਹੁਤ ਸਾਰੇ ਦਿਲਚਸਪ ਤਜਰਬੇ ਹੋਏ ਹਨ, ਪਰ ਕਦੇ ਵੀ ‘ਮ੍ਰਿਤਕ ਲੋਕਾਂ’ ਨਾਲ ਚਾਹ ਪੀਣ ਦਾ ਮੌਕਾ ਨਹੀਂ ਮਿਲਿਆ ਸੀ। ਇਸ ਵਿਲੱਖਣ ਅਨੁਭਵ ਲਈ ਚੋਣ ਕਮਿਸ਼ਨ ਦਾ ਧੰਨਵਾਦ!” ਇਨ੍ਹਾਂ ਵੋਟਰਾਂ ਵਿੱਚ ਰਮਕਬਲ ਰਾਏ, ਹਰਿੰਦਰ ਰਾਏ, ਲਾਲਮੁਨੀ ਦੇਵੀ, ਵਾਚੀਆ ਦੇਵੀ, ਲਾਲਵਤੀ ਦੇਵੀ, ਪੂਨਮ ਕੁਮਾਰੀ ਅਤੇ ਮੁੰਨਾ ਕੁਮਾਰ ਸ਼ਾਮਲ ਹਨ। ਇਹ ਸਾਰੇ ਤੇਜਸਵੀ ਯਾਦਵ ਦੇ ਹਲਕੇ ਦੇ ਵੋਟਰ ਹਨ। ਆਰੋਪ ਹੈ ਕਿ ਐਸਆਈਆਰ ਪ੍ਰਕਿਰਿਆ ਦੌਰਾਨ ਉਨ੍ਹਾਂ ਵੱਲੋਂ ਸਾਰੇ ਜ਼ਰੂਰੀ ਕਾਗਜ਼ਾਤ ਪੂਰੇ ਕੀਤੇ ਗਏ ਸਨ ਪਰ ਇਸ ਦੇ ਬਾਵਜੂਦ ਉਨ੍ਹਾਂ ਦੇ ਨਾਮ ਵੋਟਰ ਸੂਚੀ ਤੋਂ ਹਟਾ ਦਿੱਤੇ ਗਏ ਸਨ। ਰਾਹੁਲ ਗਾਂਧੀ ਅਤੇ ਕਾਂਗਰਸ ਦਾ ਆਰੋਪ ਹੈ ਕਿ ਇਹ ਸਿਰਫ਼ ਲਾਪਰਵਾਹੀ ਨਹੀਂ ਹੈ, ਸਗੋਂ ਵੋਟਰਾਂ ਨੂੰ ਵਾਂਝੇ ਰੱਖਣ ਦੀ ਇੱਕ ਰਾਜਨੀਤਿਕ ਸਾਜ਼ਿਸ਼ ਹੈ। ਕਾਂਗਰਸ ਦੇ ਅਨੁਸਾਰ ਚੋਣ ਕਮਿਸ਼ਨ ਨੇ ਮ੍ਰਿਤਕ, ਪ੍ਰਵਾਸੀ ਆਦਿ ਵੋਟਰਾਂ ਦੀ ਸੂਚੀ ਜਨਤਕ ਤੌਰ ‘ਤੇ ਜਾਰੀ ਨਹੀਂ ਕੀਤੀ। ਪਾਰਟੀ ਵਰਕਰਾਂ ਨੇ ਇਹ ਜਾਣਕਾਰੀ ਸਿਰਫ 2-3 ਬੂਥਾਂ ਤੋਂ ਗੈਰ-ਰਸਮੀ ਤੌਰ ‘ਤੇ ਇਕੱਠੀ ਕੀਤੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਸੱਤ ਲੋਕਾਂ ਦਾ ਮਾਮਲਾ ਸਿਰਫ਼ ਇੱਕ ਝਲਕ ਹੈ, ਪੂਰੇ ਇਲਾਕੇ ਵਿੱਚ ਬਹੁਤ ਸਾਰੇ ਅਜਿਹੇ ਜ਼ਿੰਦਾ ਵੋਟਰ ਹਨ, ਜਿਨ੍ਹਾਂ ਨੂੰ ਮ੍ਰਿਤਕ ਐਲਾਨ ਕੇ ਸੂਚੀ ਵਿਚੋਂ ਬਾਹਰ ਕਰ ਦਿਤਾ ਗਿਆ ਹੈ।