ਵਿਜੀਲੈਂਸ ਦਫ਼ਤਰ ਬਾਹਰ ਪ੍ਰਦਰਸ਼ਨ ਕਰਦੇ ਸੈਂਕੜੇ ਅਕਾਲੀ ਆਗੂਆਂ ਨੂੰ ਹਿਰਾਸਤ ‘ਚ ਲਿਆ

0
WhatsApp Image 2025-06-25 at 9.46.47 PM

ਭਗਵੰਤ ਮਾਨ ਅਪਣੇ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਵਿਰੁਧ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਪਰਚਾ ਦਰਜ ਕਰੇ : ਸਰਬਜੀਤ ਸਿੰਘ ਝਿੰਜਰ

(ਨਿਊਜ਼ ਟਾਊਨ ਨੈਟਵਰਕ)
ਮੋਹਾਲੀ, 25 ਜੂਨ : ਅੱਜ ਇਥੇ ਵਿਜ਼ੀਲੈਂਸ ਭਵਨ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਸ. ਸਰਬਜੀਤ ਸਿੰਘ ਝਿੰਜਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਇਹ ਪ੍ਰਦਰਸ਼ਨਕਾਰੀ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰ ਰਹੇ ਸਨ। ਪ੍ਰਦਰਸ਼ਨਕਾਰੀਆਂ ਨੂੰ ਬਸਾਂ ਵਿਚ ਬਿਠਾ ਕੇ ਵਿਜੀਲੈਂਸ ਦੇ ਦਫ਼ਤਰ ਤੋਂ ਲਿਜਾਇਆ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਯੂਥ ਪ੍ਰਧਾਨ ਸ. ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਸਰਕਾਰ ਦੇ 18 ਮਹੀਨੇ ਬਾਕੀ ਰਹਿ ਗਏ ਹਨ। ਅਸੀਂ ਇਸ ਸਰਕਾਰ ਦੇ ਪਰਚਿਆਂ ਅਤੇ ਧਮਕੀਆਂ ਤੋਂ ਡਰਨ ਵਾਲੇ ਨਹੀਂ। ਉਨ੍ਹਾਂ ਕਿਹਾ ਕਿ ਇਕ-ਇਕ ਅਕਾਲੀ ਵਰਕਰ ਬਿਕਰਮ ਸਿੰਘ ਮਜੀਠੀਆ ਦੇ ਨਾਲ ਹੈ। ਯੂਥ ਆਗੂਆਂ ਨੇ ਕਿਹਾ ਕਿ ਉਹ ਸਾਰੇ ਇਸ ਸਰਕਾਰ ਦੇ ਕੱਚੇ ਚਿੱਠੇ ਉਜਾਗਰ ਕਰਦੇ ਰਹਿਣਗੇ। ਬਿਕਰਮ ਮਜੀਠੀਆ ਦਾ ਇਹੀ ਦੋਸ਼ ਹੈ ਕਿ ਉਹ ਲਗਾਤਾਰ ਇਸ ਸਰਕਾਰ ਦੀਆਂ ਨਾਕਾਮੀਆਂ ਤੋਂ ਪਰਦਾ ਚੁੱਕਦੇ ਆ ਰਹੇ ਹਨ ਅਤੇ ਪੰਜਾਬੀਆਂ ਦੀ ਲੁੱਟ ਵਿਰੁਧ ਰੌਲਾ ਪਾ ਰਹੇ ਸਨ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿਤੀ ਕਿ ਬਿਕਰਮ ਮਜੀਠੀਆ ਵਿਰੁਧ ਦਰਜ ਕੀਤੇ ਗਏ ਫ਼ਰਜ਼ੀ ਕੇਸ ਤੁਰੰਤ ਰੱਦ ਕੀਤੇ ਜਾਣ। ਆਗੂਆਂ ਨੇ ਬਿਕਰਮ ਸਿੰਘ ਮਜੀਠੀਆ ਜ਼ਿੰਦਾਬਾਦ ਦੇ ਨਾਹਰਿਆਂ ਨਾਲ-ਨਾਲ ਭਗਵੰਤ ਮਾਨ ਮੁਰਦਾਬਾਦ ਦੇ ਨਾਹਰੇ ਲਗਾਏ। ਗੁੰਡਾਗਰਦੀ ਅਤੇ ਧੱਕਾਸ਼ਾਹੀ ਵਿਰੁਧ ਨਾਹਰੇਬਾਜ਼ੀ ਕਰਦਿਆਂ ਯੂਥ ਅਕਾਲੀ ਆਗੂਆਂ ਨੇ ਕਿਹਾ ਕਿ ਦਿੱਲੀ ਵਿਚ ਬੈਠੇ ਨੇਤਾ ਭਗਵੰਤ ਮਾਨ ਨੂੰ ਵਰਤ ਕੇ ਅਪਣੀਆਂ ਕਿੜਾਂ ਕੱਢ ਰਹੇ ਹਨ। ਆਗੂਆਂ ਨੇ ਕਿਹਾ ਕਿ ਕੇਜਰੀਵਾਲ ਭੁੱਲ ਗਿਆ ਜਦ ਹੱਥ ਜੋੜ ਕੇ ਮਜੀਠੀਆ ਕੋਲ ਕੇਸ ਵਾਪਸ ਲੈਣ ਦੀਆਂ ਅਪੀਲਾਂ ਕਰ ਰਿਹਾ ਸੀ। ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਭਗਵੰਤ ਮਾਨ ਨੂੰ ਅਪਣੀਆਂ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਹਨ ਅਤੇ ਦਿੱਲੀ ਵਾਲਿਆਂ ਦੇ ਪਿੱਛੇ ਲੱਗ ਕੇ ਪੰਜਾਬੀਆਂ ਉਤੇ ਕੀਤੇ ਜਾ ਰਹੇ ਜ਼ੁਲਮਾਂ ਨੂੰ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦ ਸਰਕਾਰ ਮਜੀਠੀਆ ਵਿਰੁਧ ਹੋਰ ਕੋਈ ਸਬੂਤ ਨਾ ਮਿਲਿਆ ਤਾਂ ਆਮਦਨ ਤੋਂ ਵੱਧ ਜਾਇਦਾਦ ਦਾ ਪਰਚਾ ਦਰਜ ਕਰ ਲਿਆ ਗਿਆ। ਇਹ ਇਕ ਅਜਿਹਾ ਪਰਚਾ ਹੈ ਜਿਹੜਾ ਕਿਸੇ ਵੀ ਵਿਅਕਤੀ ਵਿਰੁਧ ਦਰਜ ਕੀਤਾ ਜਾ ਸਕਦਾ ਹੈ। ਸ. ਝਿੰਜਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਅਪਣੇ ਸਾਰੇ ਵਿਧਾਇਕਾਂ, ਮੰਤਰੀਆਂ ਅਤੇ ਮੁੱਖ ਮੰਤਰੀ ਵਿਰੁਧ ਆਮਦਨ ਤੋਂ ਵਧ ਜਾਇਦਾਦ ਬਣਾਉਣ ਦੇ ਪਰਚੇ ਦਰਜ ਕੀਤੇ ਜਾਣੇ ਚਾਹੀਦੇ ਹਨ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਮੋਬਾਈਲ ਵੇਚਣ ਵਾਲੇ ਜਿਹੜੇ ਵਿਧਾਇਕ ਬਣੇ ਸਨ, ਉਹ ਹੁਣ 5-5 ਕਿੱਲਿਆਂ ਵਿਚ ਕੋਠੀਆਂ ਪਾ ਰਹੇ ਹਨ ਜਦਕਿ ਮਜੀਠੀਆ ਪਰਵਾਰ ਜੱਦੀ-ਪੁਸ਼ਤੀ ਰਈਅਸ ਪਰਵਾਰ ਹੈ ਜਿਸ ਕੋਲ ਪੁਸ਼ਤੈਨੀ ਸੰਪੱਤੀ ਹੈ ਜਿਸ ਦੀ ਆਮਦਨ ਤੋਂ ਹੋਰ ਸੰਪਤੀ ਖ਼ਰੀਦੀ ਜਾ ਸਕਦੀ ਹੈ ਅਤੇ ਕਾਰੋਬਾਰ ਕੀਤੇ ਜਾ ਸਕਦੇ ਹਨ।

Leave a Reply

Your email address will not be published. Required fields are marked *