ਪੰਜਾਬ ਵਿਚ ਹੜ੍ਹਾਂ ਦੀ ਮਾਰ ਦੀਆਂ ਸਾਹਮਣੇ ਆਉਣ ਲੱਗੀਆਂ ਭਿਆਨਕ ਤਸਵੀਰਾਂ!


ਸੰਪਾਦਕੀ
ਕੇਜਰੀਵਾਲ ਅਤੇ ਸਿਸੋਦੀਆ ਨੇ ਹਾਲੇ ਤਕ ਹੜ੍ਹਾਂ ਬਾਰੇ ਕੁੱਝ ਕਿਉਂ ਨਹੀਂ ਬੋਲਿਆ?
29 ਮੌਤਾਂ ਹੋ ਚੁੱਕੀਆਂ ਹਨ, ਪਸ਼ੂਧਨ ਦਾ ਬੇਸ਼ੁਮਾਰ ਨੁਕਸਾਨ ਹੋਇਆ

ਪੰਜਾਬ ਅਤੇ ਪਹਾੜੀ ਇਲਾਕਿਆਂ ਵਿਚ ਲਗਾਤਾਰ ਬਾਰਸ਼ ਦੀ ਮਾਰ ਪੰਜਾਬ ਨੂੰ ਹੋਰ ਭਿਆਨਕ ਮੁਸੀਬਤ ਵਿਚ ਸੁੱਟ ਰਹੀ ਹੈ। ਪਿਛਲੇ 24 ਘੰਟਿਆਂ ਤੋਂ ਲਗਾਤਾਰ ਬਾਰਸ਼ ਕਾਰਨ ਹੁਣ ਪੰਜਾਬ ਦੇ 9 ਜ਼ਿਲ੍ਹੇ ਪੂਰੀ ਤਰ੍ਹਾਂ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਨ। ਚੰਡੀਗੜ੍ਹ ਵਿਚਲੀ ਸੁਖਣਾ ਝੀਲ ਦੇ ਫ਼ਲੱਡ ਗੇਟ ਖੋਲ੍ਹ ਦਿਤੇ ਗਏ ਹਨ। ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਓਵਰ-ਫ਼ਲੋਅ ਹੋਣ ਕਾਰਨ ਲਾਗਲੇ ਪਿੰਡਾਂ ਵਿਚ ਪਾਣੀ ਦਾਖ਼ਲ ਹੋ ਚੁੱਕਾ ਹੈ। ਹੁਣ ਤਕ 40 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ ਜਦਕਿ ਪਸ਼ੂਧੰਨ ਦਾ ਅੰਦਾਜ਼ਾ ਹਾਲੇ ਸਰਕਾਰੀ ਅਧਿਕਾਰੀ ਲਗਾ ਨਹੀਂ ਸਕੇ ਹਨ। ਸਰਕਾਰ ਨੇ 24 ਘੰਟੇ ਪਹਿਲਾਂ ਜਿਹੜੇ ਅੰਕੜੇ ਜਾਰੀ ਕੀਤੇ ਸਨ, ਉਨ੍ਹਾਂ ਮੁਤਾਬਕ ਪੰਜਾਬ ਦੇ 12 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਨ। ਤਕਰੀਬਨ 29 ਲੋਕਾਂ ਦੀ ਜਾਨ ਚਲੀ ਗਈ ਹੈ ਜਦਕਿ 3 ਲੋਕ ਲਾਪਤਾ ਦੱਸੇ ਜਾ ਰਹੇ ਹਨ। ਸਭ ਤੋਂ ਵੱਧ ਪਠਾਨਕੋਟ ਜ਼ਿਲ੍ਹੇ ’ਚ 6 ਲੋਕਾਂ ਦੀ ਮੌਤ ਹੋਈ ਹੈ। ਅੰਮ੍ਰਿਤਸਰ ਜ਼ਿਲ੍ਹੇ ’ਚ ਸਭ ਤੋਂ ਵੱਧ 23 ਹਜ਼ਾਰ ਏਕੜ ਫ਼ਸਲ ਤਬਾਹ ਹੋ ਗਈ ਹੈ। ਸੂਬੇ ਭਰ ’ਚ 94 ਹਜ਼ਾਰ 61 ਏਕੜ ਰਕਬੇ ਦੀ ਫ਼ਸਲ ਬਰਬਾਦ ਹੋਈ ਹੈ। ਪ੍ਰਭਵਾਤ ਪਿੰਡਾ ਦੀ ਗਿਣਤੀ 1044 ਦੱਸੀ ਗਈ ਹੈ। ਕੁਲ 256107 ਅਬਾਦੀ ਪ੍ਰਭਾਵਤ ਹੋਈ ਹੈ। 15,688 ਲੋਕਾਂ ਨੂੰ ਪਾਣੀ ਵਿਚੋਂ ਬਚਾਇਆ ਗਿਆ ਹੈ। ਪੰਜਾਬ ਵਿਚ ਕਈ ਦਹਾਕਿਆਂ ਬਾਅਦ ਆਏ ਹੜ੍ਹਾਂ ਦੀ ਭਿਆਨਕ ਸਥਿਤੀ ਨੂੰ ਪਹਿਲਾਂ ਸਰਕਾਰ ਸਮਝ ਹੀ ਨਾ ਸਕੀ। ਹੁਣ ਜਦ ਹਾਲਾਤ ਸਮਝ ਆਏ ਹਨ ਤਾਂ ਪਾਣੀ ਸਿਰ ਤੋਂ ਟੱਪ ਚੁੱਕਾ ਹੈ। ਦਿੱਲੀ ਵਾਲੇ ਨੇਤਾ ਜਿਹੜੇ ਪੰਜਾਬ ਵਿਚ ਡੇਰੇ ਲਾਈ ਬੈਠੇ ਸਨ ਅਤੇ 2027 ਦੀਆਂ ਚੋਣਾਂ ਜਿੱਤਣ ਦੇ ਗੁਰ ਦੱਸ ਰਹੇ ਹਨ, ਉਹ ਵੀ ਛੂ-ਮੰਤਰ ਹੋ ਚੁੱਕੇ ਹਨ। ਹਾਲੇ ਤਕ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਵਰਗੇ ਲੋਕਾਂ ਦੇ ਮੂੰਹ ਵਿਚੋਂ ਹੜ੍ਹ ਸ਼ਬਦ ਸੁਣਾਈ ਨਹੀਂ ਦਿਤਾ। ਮੁੱਖ ਮੰਤਰੀ ਵੀ ਦੋ ਦਿਨ ਪਹਿਲਾਂ ਤਕ ਚੇਨਈ ਵਿਚ ਪਰਵਾਰ ਨੂੰ ਘੁਮਾ ਰਹੇ ਸਨ। ਇਸ ਸਮੇਂ ਵਿਧਾਇਕ, ਮੰਤਰੀ ਰਾਹਤ ਕੰਮਾਂ ਵਿਚ ਜੁਟੇ ਹੋਏ ਹਨ ਪਰ ਉਹ ਉਹੀ ਕਾਰਜ ਕਰ ਰਹੇ ਹਨ ਜਿਹੜਾ ਕੰਮ ਆਮ ਲੋਕ ਕਰਦੇ ਹਨ। ਸਰਕਾਰੀ ਸਹਾਇਤ, ਰਾਹਤ ਸਮੱਗਰੀ, ਹੜ੍ਹ ਰੋਕਣ ਦਾ ਪੱਕਾ ਪ੍ਰਬੰਧ ਕਰਨ ਬਾਰੇ ਵਿਧਾਇਕਾਂ, ਮੰਤਰੀਆਂ ਅਤੇ ਸਰਕਾਰ ਦੀ ਕੋਈ ਯੋਜਨਾ ਨਜ਼ਰ ਨਹੀਂ ਆ ਰਹੀ ਹੈ। ਮੰਤਰੀ ਮੰਡਲ ਨੂੰ ਮਨੁੱਖ ਬਣ ਕੇ ਸੇਵਾ ਕਰਨ ਦੀ ਥਾਂ ਸਰਕਾਰ ਬਣ ਕੇ ਕੰਮ ਕਰਨ ਦੀ ਲੋੜ ਹੈ, ਇਸੇ ਦੀ ਘਾਟ ਖਟਕ ਰਹੀ ਹੈ। ਇਕ ਵਿਧਾਇਕ ਜਾਂ ਮੰਤਰੀ ਨੂੰ ਅਪਣੇ ਕੱਪੜੇ ਲਬੇੜਨ ਦੀ ਥਾਂ ਖ਼ਜ਼ਾਨੇ ਦਾ ਮੂੰਹ ਪੀੜਤਾਂ ਲਈ ਖੋਲ੍ਹਣ ਲਈ ਜ਼ਿਆਦਾ ਕੰਮ ਕਰਨਾ ਚਾਹੀਦਾ ਹੈ।

ਬਾਜ਼ੀ ਹੱਥੋਂ ਨਿਕਲਦੀ ਵੇਖ ਕੇ ਆਮ ਆਦਮੀ ਪਾਰਟੀ ਨੇ ਹੁਣ ਕੇਂਦਰ ਸਰਕਾਰ ਨੂੰ ਹੜ੍ਹਾਂ ਲਈ ਦੋਸ਼ੀ ਮੰਨਣਾ ਆਰੰਭ ਕਰ ਦਿਤਾ ਹੈ। ਹੜ੍ਹ ਪੀੜਤਾਂ ਦੀ ਵਿੱਤੀ ਸਹਾਇਤਾ ਕਰਨ ਦੀ ਥਾਂ ਆਮ ਆਦਮੀ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਤਿਮ ਸ਼ਾਹ ਦੇ ਦੁਆਲੇ ਹੋ ਗਈ ਹੈ। ਇਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੰਸਦ ਮੈਂਬਰ ਮੀਤ ਹੇਅਰ ਮਦਦ ਲਈ ਕੇਂਦਰ ਸਰਕਾਰ ਨੂੰ ਪੱਤਰ ਲਿਖ ਰਹੇ ਹਨ, ਦੂਜੇ ਪਾਸੇ ਆਪ ਸਰਕਾਰ ਦਾ ਮੰਤਰੀ ਹਰਪਾਲ ਚੀਮਾ ਚੰਡੀਗੜ੍ਹ ਵਿਚ ਪ੍ਰਧਾਨ ਮੰਤਰੀ ਅਤੇ ਅਮਿਤ ਸ਼ਾਹ ਵਿਰੁਧ ਪ੍ਰੈਸ ਕਾਨਫ਼ਰੰਸ ਕਰਕੇ ਭੰਡੀ ਪ੍ਰਚਾਰ ਕਰ ਰਿਹਾ ਸੀ। ਸਰਕਾਰ ਨੂੰ ਸਮਝ ਨਹੀਂ ਆ ਰਿਹਾ ਕਿ ਕੇਂਦਰ ਨੂੰ ਭੰਡਿਆ ਜਾਵੇ ਜਾਂ ਉਸ ਤੋਂ ਮਦਦ ਮੰਗੀ ਜਾਵੇ। ਬਾਰਸ਼ ਹਾਲੇ ਵੀ ਜਾਰੀ ਹੈ, ਹੜ੍ਹਾਂ ਦਾ ਖੇਤਰ ਵਧਦਾ ਜਾ ਰਿਹਾ ਹੈ। ਬਿਆਸ, ਸਤਲੁਜ ਅਤੇ ਘੱਗਰ ਵਰਗੇ ਦਰਿਆ ਅਪਣੇ ਜੋਬਨ ਉਤੇ ਹਨ। ਪੰਜਾਬ ਦਾ ਡਰੇਨੇਜ ਅਤੇ ਸਿੰਜਾਈ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਨਦੀਆਂ ਤੇ ਦਰਿਆਵਾਂ ਨੂੰ ਸਾਫ਼ ਕਰਕੇ ਪਾਣੀ ਲਈ ਲਾਂਘਾ ਤਿਆਰ ਕਰਨ ਵਿਚ ਇਹ ਵਿਭਾਗ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ।
ਪੰਜਾਬੀਆਂ ਨੂੰ ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਤੋਂ ਇਸ ਗੱਲ ਦੀ ਪੂਰੀ ਨਾਰਾਜ਼ਗੀ ਹੈ ਕਿ ਹਾਲੇ ਤਕ ਉਨ੍ਹਾਂ ਨੇ ਹੜ੍ਹ ਪੀੜਤਾਂ ਨਾਲ ਹਮਦਰਦੀ ਪ੍ਰਗਟ ਨਹੀਂ ਕੀਤੀ ਜਦਕਿ ਅਫ਼ਗ਼ਨਿਸਤਾਨ ਵਿਚ ਅੱਜ ਭੂਚਾਲ ਆਇਆ ਜਿਸ ਵਿਚ 800 ਤੋਂ ਜ਼ਿਆਦਾ ਲੋਕ ਮਾਰੇ ਗਏ, ਬਾਰੇ ਪ੍ਰਧਾਨ ਮੰਤਰੀ ਨੇ ਸੰਵੇਦਨਾ ਪ੍ਰਗਟ ਕਰਦਿਆਂ ਅਫ਼ਗ਼ਾਨਿਤਾਨ ਦੀ ਮਦਦ ਦਾ ਐਲਾਨ ਕਰ ਦਿਤਾ ਹੈ ਪਰ ਪੰਜਾਬ ਦੇ ਹੜ੍ਹ ਪੀੜਤਾਂ ਨਾਲ ਸੰਵੇਦਨਾ ਪ੍ਰਗਟਾਈ ਨਹੀਂ ਗਈ। ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਵੀ ਹੜ੍ਹਾਂ ਬਾਰੇ ਖ਼ਾਮੋਸ਼ ਹੈ। ਉਹ ਬਿਹਾਰ ਵਿਚ ਵੋਟ ਚੋਰ ਦੀ ਮੁਹਿੰਮ ਨੂੰ ਭਖਾਉਣ ਵਿਚ ਲੱਗੀ ਹੋਈ ਹੈ।
ਅਸੀਂ ਸਮਝਦੇ ਹਾਂ ਕਿ ਪੰਜਾਬ ਸਰਕਾਰ ਦੇ ਹੜ੍ਹਾਂ ਦੀ ਸਥਿਤੀ ਨੂੰ ਕਾਬੂ ਕਰਨ ਵਿਚ ਫ਼ੇਲ੍ਹ ਹੋ ਜਾਣ ਤੋਂ ਬਾਅਦ ਪੰਜਾਬੀਆਂ ਦੀ ਅਗਲੀ ਟੇਕ ਕੇਂਦਰ ਸਰਕਾਰ ਉਤੇ ਹੈ। ਇਹ ਪੰਜਾਬੀਆਂ ਦੇ ਦਿਲ ਜਿੱਤਣ ਦਾ ਸੁਨਹਿਰੀ ਮੌਕਾ ਹੈ। ਜੇ ਬੀਜੇਪੀ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਕਰ ਦਿੰਦੀ ਹੈ ਤਾਂ ਹੁਣ ਤਕ ਦੇ ਸਾਰੇ ਸ਼ਿਕਵੇ ਦੂਰ ਹੋ ਜਾਣਗੇ। ਕੇਂਦਰ ਸਰਕਾਰ ਨੂੰ ਤੁਰੰਤ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।
ਮੁੱਖ ਸੰਪਾਦਕ