ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਦੇ ਸਾਲੇ ਦੀ ਗੁੰਡਾਗਰਦੀ!

0
mla sala gundagardi

ਮਜੀਠੀਆ ਦਾ ਦਾਅਵਾ, ਔਰਤ ਨੂੰ ਸ਼ਰ੍ਹੇਆਮ ਡੰਡਿਆਂ ਨਾਲ ਕੁੱਟਿਆ

ਚੰਡੀਗੜ੍ਹ, 18 ਜੂਨ (ਨਿਊਜ਼ ਟਾਊਨ ਨੈਟਵਰਕ) : ਪੰਜਾਬ ਦੇ ਲੁਧਿਆਣਾ ਵਿਚ ਜ਼ਿਮਨੀ ਚੋਣ ਹੋ ਰਹੀ ਹੈ, ਜਿਸ ਤੋਂ ਪਹਿਲਾਂ ਪਾਰਟੀ ਆਗੂ ਇਕ ਦੂਜੇ ‘ਤੇ ਹਮਲਾਵਰ ਹੋ ਰਹੇ ਹਨ। ਅਕਾਲੀ ਆਗੂ ਬਿਕਰਮ ਮਜੀਠੀਆ ਨੇ ਹੁਣ ਆਮ ਆਦਮੀ ਪਾਰਟੀ ਦੇ ਇਕ ਹੋਰ ਵਿਧਾਇਕ ਦੇ ਸਾਲੇ ਦੀ ਗੁੰਡਾਗਰਦੀ ਕਰਦਿਆਂ ਦੀ ਵੀਡੀਓ ਸਾਂਝੀ ਕੀਤੀ ਜਿਸ ਵਿਚ ਉਹ ਸਾਫ ਤੌਰ ‘ਤੇ ਔਰਤ ਨੂੰ ਡੰਡਿਆਂ ਨਾਲ ਕੁੱਟਦਾ ਨਜ਼ਰ ਆ ਰਿਹਾ ਹੈ।

ਬਿਕਰਮ ਸਿੰਘ ਮਜੀਠੀਆ ਨੇ ਆਪਣੇ ਐਕਸ ‘ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਸਾਲੇ ਬਲਦੇਵ ਸਿੰਘ ਗੋਰਾ ਦੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਹ ਆਪਣੇ ਹੀ ਪਿੰਡ ਦੀ ਔਰਤ ਦੀ ਡੰਡੇ ਨਾਲ ਕੁੱਟਮਾਰ ਕਰ ਰਿਹਾ ਹੈ। ਵੀਡੀਓ ਵਿਚ ਇਕ ਬੱਚਾ ਵੀ ਖੜ੍ਹਾ ਹੈ ਜੋ ਕਿ ਇਹ ਸਾਰਾ ਕੁਝ ਦੇਖ ਰਿਹਾ ਹੈ।

ਮਜੀਠੀਆ ਨੇ ਕਿਹਾ ਕਿ ਬੱਚੇ ਦੇ ਸਾਹਮਣੇ ਔਰਤ ‘ਤੇ ਇਸ ਤਰ੍ਹਾਂ ਡੰਡਿਆਂ ਨਾਲ ਵਾਰ ਕਰਨਾ ਕਿਹੜੀ ਮਰਦਾਨਗੀ ਹੈ। ਇਸ ਵੀਡੀਓ ‘ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਰਕਰ ਔਰਤਾਂ ਦੀ ਕਿੰਨੀ ਕੁ ਇੱਜ਼ਤ ਕਰਦੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਕ ਗੁਰਸਿੱਖ ਬਿਜਲੀ ਮਹਿਕਮੇ ਦੇ ਮੁਲਾਜ਼ਮ ਦੀ ਦਸਤਾਰ ਦੀ ਬੇਅਦਬੀ ਵੀ ਬਲਦੇਵ ਗੋਰਾ ਨੇ ਕੀਤੀ ਸੀ।

ਮਜੀਠੀਆ ਨੇ ਅੱਗੇ ਕਿਹਾ ਕਿ ਪੰਚਾਇਤੀ ਚੋਣਾਂ ‘ਚ ਵੀ ਧੱਕੇਸ਼ਾਹੀ ਕੀਤੀ ਸੀ। ਗੈਰਕਾਨੂੰਨੀ ਮਾਇਨਿੰਗ ਵੀ ਬਲਦੇਵ ਗੋਰਾ ਦੀ ਅਗਵਾਈ ‘ਚ ਹੁੰਦੀ ਸੀ ਜਿਸ ‘ਤੇ ਪੁਲਿਸ ਵਲੋਂ ਐਕਸ਼ਨ ਲੈਣ ਤੇ ਇਮਾਨਦਾਰ ਐਸਐਸਪੀ ਗੁਰਮੀਤ ਚੌਹਾਨ ਦਾ ਜ਼ਿਲ੍ਹਾ ਤਰਨ ਤਰਨ ਸਾਹਿਬ ਤੋਂ ਤਬਾਦਲਾ ਕਰ ਦਿੱਤਾ ਗਿਆ ਸੀ।

ਮਜੀਠੀਆ ਨੇ ਅੱਗੇ ਲਿਖਿਆ, ਮਨਜਿੰਦਰ ਸਿੰਘ ਲਾਲਪੁਰਾ ਜੀ ਲੋਕਾਂ ਨੇ ਤੁਹਾਨੂੰ ਆਪਣਾ ਨੁਮਾਇੰਦਾ ਚੁਣਿਆ ਹੈ, ਤੁਸੀਂ ਲੋਕਾਂ ਦੇ ਸੇਵਕ ਹੋ ਕੋਈ ਸ਼ਾਸਕ ਨਹੀਂ। ਆਪਣੇ ਨਜ਼ਦੀਕੀ ਰਿਸ਼ਤੇਦਾਰ ਨੂੰ ਕੰਟਰੋਲ ਕਰੋ ਕਿਉਂਕਿ ਲੋਕਾਂ ਨੂੰ ਜਵਾਬਦੇਹੀ ਤੁਹਾਡੀ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਮੰਤਰੀ ਡਾ. ਰਵਜੋਤ ਸਿੰਘ ਦੀਆਂ ਕੁਝ ਅਸ਼ਲੀਲ ਤਸਵੀਰਾਂ ਸਾਂਝੀਆਂ ਕੀਤੀ ਤੇ ਉਸ ਨੂੰ ਸੈਲਫੀ ਕਾਂਡ ਦਾ ਨਾਮ ਦਿਤਾ ਸੀ ਜਿਸ ‘ਤੇ ਡਾ. ਰਵਜੋਤ ਸਿੰਘ ਨੇ ਮਜੀਠੀਆ ਵਿਰੋਧ ਸ਼ਿਕਾਇਤ ਦਰਜ ਕਰਵਾਈ ਹੈ।

Leave a Reply

Your email address will not be published. Required fields are marked *