ਭਾਰਤ ਦੀ ਇਤਿਹਾਸਕ ਜਿੱਤ: ਪੰਜਵੇਂ ਅਤੇ ਆਖ਼ਰੀ ਟੈਸਟ ਮੈਚ ਵਿਚ ਇੰਗਲੈਂਡ ਨੂੰ 6 ਦੌੜਾਂ ਨਾਲ ਹਰਾਇਆ




93 ਸਾਲਾਂ ਵਿਚ ਪਹਿਲੀ ਵਾਰ ਵਿਦੇਸ਼ੀ ਧਰਤੀ ‘ਤੇ ਲੜੀ ਦਾ 5ਵਾਂ ਟੈਸਟ ਜਿੱਤਿਆ
ਓਵਲ (ਇੰਗਲੈਂਡ), 4 ਅਗੱਸਤ (ਨਿਊਜ਼ ਟਾਊਨ ਨੈਟਵਰਕ) : ਸ਼ੁਭਮਨ ਗਿੱਲ ਦੀ ਕਪਤਾਨੀ ਵਿਚ ਭਾਰਤੀ ਟੀਮ ਨੇ ਇੰਗਲੈਂਡ ਖ਼ਿਲਾਫ਼ ਪੰਜਵੇਂ ਅਤੇ ਆਖ਼ਰੀ ਟੈਸਟ ਮੈਚ ਵਿਚ ਇਕ ਇਤਿਹਾਸਕ ਜਿੱਤ ਦਰਜ ਕੀਤੀ ਹੈ। ਓਵਲ ਦੇ ਮੈਦਾਨ ‘ਤੇ ਖੇਡੇ ਗਏ ਇਸ ਮੈਚ ਵਿਚ ਭਾਰਤ ਨੇ ਇੰਗਲੈਂਡ ਨੂੰ ਸਿਰਫ਼ 6 ਦੌੜਾਂ ਨਾਲ ਹਰਾ ਕੇ ਸੀਰੀਜ਼ ਨੂੰ 2-2 ਨਾਲ ਬਰਾਬਰ ਕਰ ਲਿਆ। ਇਹ ਪਿਛਲੇ 93 ਸਾਲਾਂ ਵਿਚ ਪਹਿਲੀ ਵਾਰ ਹੋਇਆ ਹੈ ਕਿ ਭਾਰਤੀ ਟੀਮ ਨੇ ਵਿਦੇਸ਼ੀ ਧਰਤੀ ‘ਤੇ ਲੜੀ ਦਾ ਪੰਜਵਾਂ ਟੈਸਟ ਮੈਚ ਜਿੱਤਿਆ ਹੈ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੇ ਓਵਲ ਵਿਖੇ ਖੇਡੇ ਗਏ ਪੰਜਵੇਂ ਟੈਸਟ ਮੈਚ ਵਿਚ ਇੰਗਲੈਂਡ ਨੂੰ ਜਿੱਤਣ ਲਈ 374 ਦੌੜਾਂ ਦਾ ਟੀਚਾ ਦਿਤਾ ਸੀ। ਇੰਗਲੈਂਡ ਨੂੰ ਜਿੱਤ ਲਈ ਸਿਰਫ਼ 35 ਦੌੜਾਂ ਦੀ ਲੋੜ ਸੀ ਤੇ 6 ਵਿਕਟਾਂ ਬਾਕੀ ਸਨ ਜਦਕਿ ਭਾਰਤ ਨੂੰ ਜਿੱਤ ਲਈ ਸਿਰਫ਼ 4 ਵਿਕਟਾਂ ਦੀ ਲੋੜ ਸੀ। ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਮੈਚ ਦਾ ਪਾਸਾ ਪਲਟ ਦਿਤਾ। ਸਿਰਾਜ ਨੇ ਜੈਮੀ ਸਮਿਥ ਅਤੇ ਜੈਮੀ ਓਵਰਟਨ ਦੀਆਂ ਅਹਿਮ ਵਿਕਟਾਂ ਲੈ ਕੇ ਇੰਗਲੈਂਡ ਨੂੰ ਮੁ਼ਸ਼ਕਲਾਂ ਵਿਚ ਪਾ ਦਿਤਾ। ਸਿਰਾਜ ਨੇ ਆਖਰੀ ਵਿਕਟ ਲਈ ਗੁਸ ਐਟਕਿੰਸਨ ਨੂੰ ਇਕ ਸ਼ਾਨਦਾਰ ਯਾਰਕਰ ‘ਤੇ ਬੋਲਡ ਕਰਕੇ ਭਾਰਤ ਦੀ ਜਿੱਤ ‘ਤੇ ਮੋਹਰ ਲਗਾਈ। ਐਟਕਿੰਸਨ ਨੇ ਕੁਝ ਦੌੜਾਂ ਬਣਾ ਕੇ ਭਾਰਤੀ ਕੈਂਪ ਵਿਚ ਤਣਾਅ ਵਧਾ ਦਿਤਾ ਸੀ, ਪਰ ਸਿਰਾਜ ਦੀ ਗੇਂਦ ਨੇ ਸਭ ਕੁਝ ਖ਼ਤਮ ਕਰ ਦਿਤਾ। ਇਹ ਜਿੱਤ ਦੌੜਾਂ ਦੇ ਲਿਹਾਜ਼ ਨਾਲ ਭਾਰਤ ਦੀ ਟੈਸਟ ਕ੍ਰਿਕਟ ਵਿਚ ਸਭ ਤੋਂ ਛੋਟੀ ਜਿੱਤ ਹੈ। ਇਸ ਜਿੱਤ ਨਾਲ ਸ਼ੁਭਮਨ ਗਿੱਲ ਦੀ ਨੌਜਵਾਨ ਕਪਤਾਨੀ ਦੀ ਵੀ ਬਹੁਤ ਪ੍ਰਸ਼ੰਸਾ ਹੋ ਰਹੀ ਹੈ। ਉਨ੍ਹਾਂ ਦੀ ਅਗਵਾਈ ਵਿਚ ਭਾਰਤੀ ਟੀਮ ਨੇ ਦਬਾਅ ਹੇਠ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਤਿਹਾਸ ਰੱਚ ਦਿਤਾ। ਜ਼ਿਕਰਯੋਗ ਹੈ ਕਿ ਸ਼ੁਭਮਨ ਗਿੱਲ ਨੇ ਕਪਤਾਨ ਵਜੋਂ ਪਹਿਲੀ ਸੀਰੀਜ਼ ਡਰਾਅ ਕਰਵਾਈ ਹੈ। ਗੇਂਦਬਾਜ਼ ਸਿਰਾਜ ਨੇ ਆਪਣੇ ਟੈਸਟ ਕਰੀਅਰ ਵਿਚ 5ਵੀਂ ਵਾਰ ਇਕ ਪਾਰੀ ਵਿਚ 5 ਵਿਕਟਾਂ ਲਈਆਂ ਹਨ।